ਪੰਜਾਬੀਆਂ ਨੂੰ ਕਿਹੜੇ ਪਾਸੇ ਲਿਜਾ ਰਹੀ ਹੈ ਅਖੌਤੀ ਆਧੁਨਿਕਤਾ ?
beta.ajitjalandhar.com | December 29 02:54 AM
ਦੁਨੀਆ ਦੇ ਵੱਖ-ਵੱਖ ਖਿੱਤਿਆਂ ਦਾ ਵੱਖਰੀ-ਵੱਖਰੀ ਤਰ੍ਹਾਂ ਦਾ ਸੱਭਿਆਚਾਰ ਹੈ। ਇਹ ਵੀ ਸੱਚ ਹੈ ਕਿ ਸੱਭਿਆਚਾਰ ਲਗਾਤਾਰ ਬਦਲ ਰਿਹਾ ਵਰਤਾਰਾ ਹੈ। ਸੱਭਿਆਚਾਰ ਦੇ ਅਰਥ ਭਾਵੇਂ ਬੀਤੇ ਸਮੇਂ ਤੱਕ ਹੀ ਸੀਮਤ ਨਹੀਂ ਹੁੰਦੇ ਪਰ ਫਿਰ ਵੀ ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦਾ ਸੱਭਿਆਚਾਰਕ ਵਿਰਸਾ ਬੜਾ ਅਮੀਰ ਹੈ। ਪੰਜਾਬ ਦੀ ਧਰਤੀ ਸਦੀਆਂ ਤੋਂ ਵਿਦਵਤਾ, ਗਿਆਨ, ਅਤੇ ਬੌਧਿਕਤਾ ਦੀ ਪਾਠਸ਼ਾਲਾ ਰਹੀ ਹੈ। ਜਦੋਂ ਦੁਨੀਆ ਦੇ ਬਹੁਤ ਸਾਰੇ ਖਿੱਤਿਆਂ ਵਿਚ ਮਨੁੱਖ ਰੁੱਖਾਂ ਹੇਠ ਜਾਂ ਗੁਫ਼ਾਵਾਂ ਵਿਚ ਦਿਨ-ਕਟੀ ਕਰ ਰਿਹਾ ਸੀ ਤਾਂ ਇਥੋਂ ਦੇ ਵਸਨੀਕ ਘਰ ਬਣਾ ਕੇ ਰਹਿੰਦੇ ਸਨ। ਇੱਥੇ ਵੇਦਾਂ, ਗ੍ਰੰਥਾਂ, ਸ਼ਾਸਤਰਾਂ ਦੀ ਰਚਨਾ ਹੋਈ। ਸੈਂਕੜੇ ਸਾਲਾਂ ਤੋਂ ਪੰਜਾਬ ਦੇ ਲੋਕਾਂ ਦੀ ਅਣਖ-ਗ਼ੈਰਤ ਦਾ ਡੰਕਾ ਦੁਨੀਆ ਵਿਚ ਵੱਜਦਾ ਰਿਹਾ। ਪੰਜਾਬ ਦੇ ਜਾਏ ਹੀ ਸਨ, ਜਿਨ੍ਹਾਂ ਨੇ ਸਿਕੰਦਰ ਵਰਗੇ ਜਾਂਬਾਜ਼ ਨੂੰ ਪਿੱਛੇ ਵੱਲ ਮੁੜਨ ਲਈ ਮਜਬੂਰ ਕਰ ਦਿੱਤਾ। ਕੇਂਦਰੀ ਏਸ਼ੀਆ ਤੋਂ ਹਿੰਦੁਸਤਾਨ ਨੂੰ ਲੁੱਟਣ ਵਾਲੇ ਧਾੜਵੀਆਂ ਦਾ ਦਸਤਪੰਜਾ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਹੀ ਪੈਂਦਾ ਰਿਹਾ। ਦੇਸ਼-ਭਗਤੀ ਅਤੇ ਕੁਰਬਾਨੀ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਹਿੱਸਾ ਪਾਇਆ। ਸੰਤਾਲੀ ਦੀ ਵੰਡ ਦੌਰਾਨ ਪੰਜਾਬ ਦੀ ਧਰਤੀ ਨੇ ਵੱਡਾ ਸੰਤਾਪ ਭੋਗਿਆ। ਲੱਖਾਂ ਪੰਜਾਬੀ ਸਭ ਕੁਝ ਛੱਡ ਕੇ ਘਰੋਂ ਬੇਘਰ ਹੋਏ, ਦਸ ਲੱਖ ਲੋਕ ਫ਼ਿਰਕੂ ਦੰਗਿਆਂ ਦੀ ਭੇਟ ਚੜ੍ਹ ਗਏ। ਇਸ ਤਰ੍ਹਾਂ ਦੇ ਵੱਡੇ ਮਹਾਂਵਿਨਾਸ਼ਕਾਰੀ ਸੰਕਟਾਂ ਤੋਂ ਵੀ ਪੰਜਾਬ ਦੇ ਲੋਕ ਬਾਹਰ ਹੀ ਨਹੀਂ ਨਿਕਲੇ ਬਲਕਿ ਇਕ ਤਰ੍ਹਾਂ ਨਾਲ ਦੇਸ਼ ਦੇ ਮੋਹਰੀ ਬਣ ਕੇ ਤੁਰੇ। ਜਦੋਂ ਪੰਜਾਬ ਦੇ ਲੋਕ ਦੁਨੀਆ ਦੇ ਵੱਖ-ਵੱਖ ਖਿੱਤਿਆਂ ਵਿਚ ਫੈਲੇ ਤਾਂ ਇਨ੍ਹਾਂ ਨੇ ਆਪਣੀ ਮਿਹਨਤ ਨਾਲ ਜੰਗਲ ਵਿਚ ਮੰਗਲ ਲਾ ਦਿੱਤੇ। ਜੰਗਲਾਂ, ਬੰਜਰਾਂ, ਟਿੱਬਿਆਂ ਨੂੰ ਪੱਧਰੇ ਕਰਕੇ ਵਾਹੀਯੋਗ ਜ਼ਮੀਨ ਬਣਾਈ। ਇਹ ਲੋਕ ਹੀ ਸਨ ਜਿਨ੍ਹਾਂ ਨੇ ਦੇਸ਼ ਨੂੰ ਭੁੱਖਮਰੀ ਦੇ ਸੰਕਟ ਚੋਂ ਬਾਹਰ ਕੱਢਿਆ।
ਆਪਣੇ ਬਹੁਤ ਹੀ ਅਮੀਰ ਸੱਭਿਆਚਾਰ-ਇਤਿਹਾਸਕ ਵਿਰਸੇ ਦੇ ਮਾਲਕ ਪੰਜਾਬ ਦੇ ਲੋਕ ਅੱਜ ਕਿਸ ਤਰ੍ਹਾਂ ਦੇ ਆਤਮ-ਸੰਕਟਾਂ ਦਾ ਸ਼ਿਕਾਰ ਹੋ ਰਹੇ ਹਨ, ਇਹ ਅੱਜ ਵਿਚਾਰਨ ਵਾਲੀ ਗੱਲ ਹੈ। ਪੁਲਿਸ ਵਿਚ ਨੌਕਰੀ ਕਰਦੇ ਮੇਰੇ ਇਕ ਮਿੱਤਰ, ਜਿਸ ਦੀ ਪਤਨੀ ਆਪਣੇ ਛੋਟੇ ਜਿਹੇ ਬੱਚੇ ਨਾਲ ਹਿੰਦੀ ਵਿਚ ਗੱਲ ਕਰ ਰਹੀ ਸੀ, ਨੂੰ ਮੈਂ ਕਿਹਾ 'ਭੈਣ ਜੀ ਤੁਸੀਂ ਪੰਜਾਬੀ ਹੋ, ਬੱਚੇ ਨਾਲ ਪੰਜਾਬੀ ਵਿਚ ਗੱਲ ਕਰੋ।' ਮੇਰੀ ਇਸ ਗੱਲ ਦਾ ਨੋਟਿਸ ਲੈਂਦਿਆਂ ਮੇਰੇ ਮਿੱਤਰ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਬੱਚਾ ਜ਼ਿਲ੍ਹੇ ਦੇ ਕਿਸੇ ਸਕੂਲ ਵਿਚ ਪੜ੍ਹਦਾ ਹੈ। ਉਸ ਕਿਹਾ, 'ਇਹ ਹੀ ਨਹੀਂ ਪੜ੍ਹਦਾ ਇਸ ਨਾਲ ਅਸੀਂ ਵੀ ਪੜ੍ਹਨੇ ਪਏ ਹੋਏ ਹਾਂ। ਜਦੋਂ ਕਦੇ ਇਹ ਮਾਸੂਮੀਅਤ ਵੱਸ ਸਕੂਲ ਵਿਚ ਕੁਝ ਲਫਜ਼ ਪੰਜਾਬੀ ਦੇ ਬੋਲ ਜਾਂਦਾ ਹੈ ਤਾਂ ਉਸੇ ਦਿਨ ਸਾਡੇ ਘਰ ਇਸ ਦੀ ਕਾਪੀ 'ਤੇ ਨੋਟਿਸ ਲਿਖ ਕੇ ਭੇਜ ਦਿੱਤਾ ਜਾਂਦਾ ਹੈ ਕਿ ਆਪਣੇ ਬੱਚੇ ਦੀ ਬੋਲੀ ਵਿਚ ਸੁਧਾਰ ਕਰੋ ਇਹ ਪਿਉਰ ਪੰਜਾਬੀ ਬੋਲਦਾ ਹੈ ਪੇਂਡੂਆਂ ਵਾਲੀ ਭਾਸ਼ਾ।' ਅੱਜ ਸਭ ਜਾਣਦੇ ਹਨ ਕਿ ਪੰਜਾਬ ਦੇ ਅਖੌਤੀ ਆਧੁਨਿਕ ਸਕੂਲਾਂ ਵਿਚ ਪੰਜਾਬੀ ਨੂੰ ਇਸ ਤਰ੍ਹਾਂ ਦਰਕਿਨਾਰ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਅਜਿਹੀਆਂ ਗੱਲਾਂ ਤੋਂ ਸਾਨੂੰ ਪੰਜਾਬੀਆਂ ਨੂੰ ਹੈਰਾਨ-ਪ੍ਰੇਸ਼ਾਨ ਹੋਣਾ ਚਾਹੀਦਾ ਹੈ। ਅਸੀਂ ਅਜਿਹੀਆਂ ਪ੍ਰਸਥਿਤੀਆਂ ਪ੍ਰਤੀ ਉਦਾਸੀਨ ਹੀ ਨਹੀਂ, ਸਗੋਂ ਇਨ੍ਹਾਂ 'ਤੇ ਮਾਣ ਕਰਨ ਲੱਗ ਪਏ ਹਾਂ ਕਿ ਸਾਡੀਆਂ ਔਲਾਦਾਂ ਅਤਿ-ਆਧੁਨਿਕ ਹੋ ਰਹੀਆਂ ਹਨ। ਅਜਿਹੇ ਸਕੂਲਾਂ ਵਿਚ ਪੜ੍ਹ ਕੇ ਜਵਾਨ ਹੋਈ ਨੌਜੁਆਨ ਪੀੜ੍ਹੀ ਖਾਸ ਕਰਕੇ ਔਰਤਾਂ/ਲੜਕੀਆਂ ਸ਼ਹਿਰਾਂ ਕਸਬਿਆਂ ਵਿਚ ਆਮ ਪੰਜਾਬੀ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਲੱਗੀਆਂ ਵੀ ਹਿੰਦੀ ਦੇ ਸ਼ਬਦਾਂ ਦੀ ਵਰਤੋਂ ਕਰਕੇ ਆਪਣੇ-ਆਪ ਨੂੰ ਆਧੁਨਿਕ ਅਤੇ ਪੜ੍ਹੇ-ਲਿਖੇ ਹੋਣ ਦਾ ਦਿਖਾਵਾ ਕਰਦੀਆਂ ਹਨ। 'ਬਈਆ ਕੋਈ ਔਰ ਦੂਸਰਾ ਨਯਾ ਡੀਜ਼ਾਇਨ ਦਿਖਾਏਂ', 'ਅਰੇ ਯੇ ਵਾਲਾ ਨਹੀਂ' 'ਵੋ ਯੈਲੋ ਵਾਲਾ ਠੀਕ ਰਹੇਗਾ' ਆਦਿ ਫਿਕਰੇ ਬੋਲਦੇ ਲੋਕ ਆਮ ਸੁਣੇ ਜਾਂਦੇ ਹਨ। ਅਜਿਹੇ ਲੋਕਾਂ ਨੂੰ ਇਹ ਵੀ ਗਵਾਰਾ ਨਹੀ ਕਿ ਉਨ੍ਹਾਂ ਨੂੰ ਕਿਸੇ ਹੋਰ ਸੂਬੇ ਦੇ ਲੋਕ ਸਮਝਿਆ ਜਾਵੇ। ਪੰਜਾਬੀ ਹੋਣ ਦਾ ਲੇਬਲ ਵੀ ਇਹ ਲੋਕ ਬਰਾਬਰ ਆਪਣੇ ਨਾਲ ਚਿਪਕਾਈ ਰੱਖਣਾ ਚਾਹੁੰਦੇ ਹਨ। ਇਹ ਕੀ ਹੈ? ਕੀ ਇਹ ਇਕ ਤਰ੍ਹਾਂ ਨਾਲ ਸਾਡਾ ਸੱਭਿਆਚਾਰਕ ਦੋਗਲਾਪਣ ਨਹੀਂ ਹੈ? ਇਹ ਕੇਹਾ ਦੁਖਾਂਤ ਹੈ ਕਿ ਸਕੂਲਾਂ, ਕਾਲਜਾਂ ਦੇ ਜ਼ਿਆਦਾਤਰ ਮਾਲਕ ਜੋ ਪੰਜਾਬੀ ਮਾਂ ਬੋਲੀ ਦੀ ਉਂਗਲ ਫੜ ਕੇ ਜ਼ਿੰਦਗੀ ਵਿਚ ਅਗਾਂਹ ਵਧੇ ਉਹ ਅੱਜ ਇਸ ਨੂੰ ਪਛਾਣਨ ਤੋਂ ਵੀ ਇਨਕਾਰੀ ਹਨ?
ਮੇਰਾ ਇਕ ਦੋਸਤ ਪਾਕਿਸਤਾਨ ਗਿਆ। ਸਰਹੱਦ ਲੰਘਣ ਉਪਰੰਤ ਉਸ ਨੇ ਪਾਕਿਸਤਾਨ ਦੇ ਇਕ ਸ਼ਖ਼ਸ ਨੂੰ ਪੱਛਿਆ, 'ਯਹਾਂ ਸੇ ਲਾਹੌਰ ਕਿਤਨੀ ਦੂਰ ਹੈ?' ਉਸ ਸ਼ਖ਼ਸ ਨੇ ਲਾਹੌਰ ਦੀ ਵਾਟ ਦੱਸਣ ਦੀ ਬਜਾਏ ਉਲਟਾ ਪੁੱਛਿਆ, 'ਸਰਦਾਰ ਜੀ ਤੁਹਾਡਾ ਪੰਜਾਬੀ ਭਰਾ ਹਾਂ, ਪੰਜਾਬੀ ਵਿਚ ਗੱਲ ਕਰੋ ਜ਼ਬਾਨ ਨੂੰ ਕੀ ਹੋ ਗਿਆ ਜੇ?' ਅਸੀਂ ਪੰਜਾਬੀ ਬਣੇ ਰਹਿਣ ਦੇ ਨਾਲ-ਨਾਲ ਅਖੌਤੀ ਆਧੁਨਿਕ ਵਧੇਰੇ ਹੋਣਾ ਲੋਚਦੇ ਹਾਂ। ਕਦੇ ਸਮਾਂ ਸੀ ਪੰਜਾਬ ਦੇ ਲੋਕ ਕਿਰਤੀ ਕਾਮਿਆਂ ਵਜੋਂ ਜਾਣੇ ਜਾਂਦੇ ਸਨ। ਸੱਥਾਂ ਵਿਚ ਬੈਠੇ ਵੀ ਪੰਜਾਬੀ ਸਣ ਕੱਢਦੇ, ਰੱਸੇ, ਵਾਣ ਵੱਟਦੇ ਤੇ ਨਾਲ-ਨਾਲ ਗੱਲਾਂਬਾਤਾਂ ਦਾ ਸਿਲਸਿਲਾ ਵੀ ਚਲਦਾ। ਅੱਜ ਕੰਮ ਸੱਭਿਆਚਾਰ ਦਾ ਬਾਜ਼ਾਰੂ ਤਾਕਤਾਂ ਨੇ ਭੋਗ ਹੀ ਪਾ ਦਿੱਤਾ ਹੈ। ਹਾਲਾਤ ਹੁਣ ਇਹ ਹਨ ਕਿ ਕੰਮ ਕਰਨ ਨਾਲੋਂ ਇਥੇ ਵਿਹਲੇ ਰਹਿਣਾ ਵਧੇਰੇ ਸਨਮਾਨਜਨਕ ਸਮਝਿਆ ਜਾਣ ਲੱਗਿਆ ਹੈ। ਵਿਹਲੇ ਰਹਿ ਕੇ ਪੰਜਾਬ ਦੇ ਲੋਕਾਂ ਦੀ ਤੰਦਰੁਸਤੀ ਲਗਾਤਾਰ ਘਟ ਰਹੀ ਹੈ। ਦਵਾਈਆਂ ਦੀ ਖਪਤ ਅਤੇ ਬਿਮਾਰੀਆਂ ਦਾ ਪ੍ਰਕੋਪ ਦੇਸ਼ ਦੇ ਕਿਸੇ ਵੀ ਹਿੱਸੇ ਨਾਲੋਂ ਇੱਥੇ ਵੱਧ ਹੈ। ਬਲੱਡ ਪ੍ਰੈਸ਼ਰ, ਯੂਰਿਕ ਐਸਿਡ, ਹਾਰਟ ਅਟੈਕ, ਹੈਪੇਟਾਈਟਸ ਬੀ, ਸੀ, ਕੈਂਸਰ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਇਲਾਵਾ ਮਾਨਸਿਕ ਬਿਮਾਰੀਆਂ ਦੇ ਮਰੀਜ਼ ਲਗਾਤਾਰ ਵਧ ਰਹੇ ਹਨ। ਲੋਕ ਇਨ੍ਹਾਂ ਸਮੱਸਿਆਵਾਂ ਦੀਆਂ ਜੜ੍ਹਾਂ ਤਲਾਸ਼ ਕਰਨ ਦੀ ਬਜਾਏ ਸਿਹਤ ਕੇਂਦਰਾਂ ਵਿਚ ਜਾਂਦੇ ਹਨ। ਘਰ ਤੋਂ ਬਾਜ਼ਾਰ ਤੱਕ ਸਾਈਕਲ ਚਲਾਉਣਾ ਸ਼ਾਨ ਵਿਚ ਫਰਕ ਪਾਉਂਦਾ ਹੈ ਪਰ ਜਿੰਮ ਵਿਚ ਜਾ ਕੇ ਖੜ੍ਹੇ ਸਾਈਕਲ ਤੇ ਪੈਡਲ ਮਾਰਨੇ 'ਰੁਤਬੇ ਦਾ ਪ੍ਰਤੀਕ' ਹੈ। ਕਿਸੇ ਨਾਲ ਹੱਸ ਕੇ ਗੱਲ ਕਰਨ, ਠਹਾਕਾ ਲਗਾ ਕੇ ਹੱਸਣ ਵਾਲੇ ਨੂੰ ਗੰਵਾਰ ਸਮਝਿਆ ਜਾਂਦਾ ਹੈ ਪਰ ਯੋਗਾ ਕੈਂਪਾਂ ਵਿਚ ਜਾ ਕੇ ਉੱਚੇ ਠਹਾਕੇ ਲਗਾਉਣ ਨੂੰ ਸਿਹਤ ਪ੍ਰਤੀ ਸੁਚੇਤ ਹੋਣਾ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਲੋਕ ਕਿਰਤੀ ਕਮਾਊ ਪੁੱਤਰਾਂ ਤੋਂ ਵਿਹਲੜ ਵੈਲੀ ਬਣ ਕੇ ਰਹਿ ਗਏ ਹਨ। ਪੰਜਾਬ ਦੇ ਲੋਕ ਜੋ ਪਹਿਲਾਂ ਕਦੇ ਸਖ਼ਤ ਮਿਹਨਤ ਕਰਨ ਵਾਲੇ ਲੋਕਾਂ ਵਜੋਂ ਜਾਣੇ ਜਾਂਦੇ ਸਨ, ਨੂੰ ਅੱਜ ਕੋਈ ਪੰਜਾਬ ਵਿਚ ਵੀ ਕੰਮ 'ਤੇ ਰੱਖ ਕੇ ਰਾਜ਼ੀ ਨਹੀਂ। ਫੈਕਟਰੀਆਂ-ਕਾਰਖਾਨਿਆਂ ਵਿਚ ਦੂਜੇ ਸੂਬਿਆਂ ਦੇ ਮਜ਼ਦੂਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਨੌਜੁਆਨ ਬਾਹਰ ਦੂਜੇ ਦੇਸ਼ਾਂ ਵਿਚ ਜਾ ਕੇ ਹਰ ਤਰ੍ਹਾਂ ਦੇ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਨ ਪਰ ਆਪਣੀ ਧਰਤੀ 'ਤੇ ਕੰਮ ਕਰਨਾ ਉਨ੍ਹਾਂ ਨੂੰ ਪਸੰਦ ਨਹੀਂ। ਗ਼ਲਤ ਸਰਕਾਰੀ ਨੀਤੀਆਂ ਨਾਲ ਛੋਟੀ ਕਿਸਾਨੀ ਦਾ ਪੰਜਾਬ ਦੀ ਧਰਤੀ 'ਤੇ ਭੋਗ ਹੀ ਪੈ ਗਿਆ ਹੈ। ਬਾਜ਼ਾਰੂ ਤਾਕਤਾਂ ਨੇ ਆਪਣਾ ਪ੍ਰਭਾਵ ਵਰਤ ਕੇ ਇੱਥੋਂ ਦੀਆਂ ਛੋਟੀਆਂ ਸਨਅਤਾਂ ਨੂੰ ਬਰਬਾਦ ਕਰ ਦਿੱਤਾ ਹੈ। ਪਿੰਡਾਂ ਸ਼ਹਿਰਾਂ ਵਿਚ ਨਿੱਜੀ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਲੋਕਾਂ ਦੀਆਂ ਘਰੇਲੂ ਸਨਅਤਾਂ ਖ਼ਤਮ ਹੋ ਗਈਆਂ ਹਨ। ਇਸ ਤਰ੍ਹਾਂ ਅਖੌਤੀ ਵਿਕਾਸ ਦੇ ਕੁਰੱਖਤ ਵਰਤਾਰੇ ਨੇ ਸਮਾਜ ਅੰਦਰ ਬੇਰੁਜ਼ਗਾਰੀ ਦੇ ਨਾਲ-ਨਾਲ ਮਾਨਸਿਕ ਬੇਚੈਨੀ ਨੂੰ ਜਨਮ ਦਿੱਤਾ ਹੈ ਜਿਸ ਨਾਲ ਸਾਡੀ ਨੌਜਵਾਨ ਪੀੜ੍ਹੀ ਲਗਾਤਾਰ ਮਨੋਵਿਕਾਰਾਂ ਦੀ ਸ਼ਿਕਾਰ ਬਣ ਰਹੀ ਹੈ। ਪਿੰਡਾਂ ਵਿਚ ਜਿੰਮ ਖੋਲ੍ਹ ਕੇ ਅਤੇ ਵੱਡੇ-ਵੱਡੇ ਟੂਰਨਾਮੈਂਟ ਕਰਵਾ ਕੇ ਸਮਾਜਿਕ ਸਿਹਤ ਨੂੰ ਠੀਕ ਕਰਨ ਦੀਆਂ ਗੱਲਾਂ ਹੋ ਰਹੀਆਂ ਹਨ। ਸਮਾਜਿਕ ਮਸਲਿਆਂ ਦੀ ਤਹਿ ਤੱਕ ਜਾ ਕੇ ਬਿਮਾਰੀ ਦੀਆਂ ਜੜ੍ਹਾਂ ਦੀ ਤਲਾਸ਼ ਕਰਨ ਦੀ ਬਜਾਏ ਲੱਛਣਾਂ ਦਾ ਇਲਾਜ ਕਰਨ ਦਾ ਦਿਖਾਵਾ ਕੀਤਾ ਜਾ ਰਿਹਾ ਹੈ।
ਪੇਂਡੂ ਖੇਡ ਮੇਲਿਆਂ ਵਿਚ ਜਿਥੇ ਪਹਿਲਾਂ ਕਦੇ ਜ਼ੋਰ-ਅਜ਼ਮਾਇਸ਼ਾਂ ਹੁੰਦੀਆਂ ਸਨ, ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਅਤੇ ਵਿਰਸੇ ਨਾਲ ਜੁੜੇ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਦੇ ਸਨ, ਉੱਥੇ ਅੱਜ ਇਹ ਮੇਲੇ ਮਹਿਜ਼ ਲੱਚਰ ਗਾਇਕੀ ਦੇ ਅਖਾੜੇ ਬਣ ਕੇ ਰਹਿ ਗਏ ਹਨ। ਡਾਲਰਾਂ, ਪੌਂਡਾਂ ਦੀ ਚਮਕ-ਦਮਕ ਅਤੇ ਪੈਸੇ ਵਾਲੇ ਹੋਰ ਲੋਕਾਂ ਨੇ ਇਨ੍ਹਾਂ ਮੇਲਿਆਂ ਨੂੰ ਆਪਣੀ ਹਉਮੈ ਨੂੰ ਪੱਠੇ ਪਾਉਣ ਦਾ ਜ਼ਰੀਆ ਬਣਾ ਲਿਆ ਹੈ। ਖੇਡਾਂ ਸਬੰਧੀ ਲੋਕਾਂ ਦੀਆਂ ਧਾਰਨਾਵਾਂ ਬਦਲਣ ਲੱਗ ਪਈਆਂ ਹਨ। ਜਿਥੇ ਪਹਿਲਾਂ ਨੌਜਵਾਨਾਂ ਨੂੰ ਸਲਾਹ ਦਿੱਤੀ ਜਾਂਦੀ ਸੀ ਕਿ ਕੋਈ ਖੇਡ ਖੇਡਿਆ ਕਰੋ ਨਸ਼ਿਆਂ ਤੋਂ ਬਚੇ ਰਹੋਗੇ, ਉੱਥੇ ਹੁਣ ਲੋਕ ਆਖਣ ਲੱਗ ਪਏ ਨੌਜਵਾਨਾਂ ਨੂੰ ਖੇਡਾਂ ਤੋਂ ਬਚਾ ਲਓ, ਨਸ਼ੇ ਤੋਂ ਬਚੇ ਰਹਿਣਗੇ। ਕਬੱਡੀ ਨੂੰ ਪੰਜਾਬ ਦੀ ਮਾਂ ਖੇਡ ਮੰਨਿਆ ਜਾਂਦਾ ਹੈ। ਹੁਣ ਹਾਲਾਤ ਇਹ ਹਨ ਕਿ ਕਬੱਡੀ ਤੇ ਨਸ਼ੇ ਦਾ ਰਿਸ਼ਤਾ ਬਣ ਗਿਆ ਹੈ। ਜਿੱਥੇ ਕਬੱਡੀ ਦੇ ਮੈਚ ਕਰਵਾਏ ਜਾਂਦੇ ਹਨ ਉੱਥੇ ਖੇਤਾਂ ਵਿਚ ਸਰਿੰਜਾਂ ਅਤੇ ਟੀਕਿਆਂ ਦੇ ਖਿੱਲਰੇ ਖੋਲ ਦੱਸਦੇ ਹਨ ਕਿ ਸਾਡੀਆਂ ਖੇਡਾਂ ਦਾ ਭਵਿੱਖ ਕਿੱਧਰ ਜਾ ਰਿਹਾ ਹੈ। ਆਪਣੇ ਇਕ ਵਾਕਫ਼ ਕਬੱਡੀ ਖਿਡਾਰੀ ਨੂੰ ਮੈਂ ਕਿਹਾ ਕਿ ਤੁਸੀਂ ਟੀਕਾ ਲਾ ਕੇ ਨਾ ਖੇਡਿਆ ਕਰੋ ਦੂਜੇ ਲਾਉਂਦੇ ਨੇ ਤਾਂ ਲਾਈ ਜਾਣ, ਉਸ ਦਾ ਜਵਾਬ ਬੜਾ ਨਿਰਾਸ਼ ਕਰਨ ਵਾਲਾ ਸੀ, ਉਸ ਕਿਹਾ, 'ਭਾਅ ਜੀ ਜਦੋਂ ਦੂਜੇ ਨੇ ਲਾਇਆ ਹੁੰਦਾ ਹੈ ਤਾਂ ਅਸੀਂ ਗਰਾਊਂਡ ਵਿਚ ਜਾ ਕੇ ਚਪੇੜਾਂ ਖਾਣੀਆਂ ਨੇ?' ਮਤਲਬ ਕਿ ਨਾ ਚਾਹੁਣ ਵਾਲੇ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਦੇ ਹਨ। ਭਾਵ ਖਿਡਾਰੀ ਉਹ ਕੁਝ ਹੁੰਦਾ ਨਹੀਂ ਜੋ ਕੁਝ ਉਹ ਬਣ ਕੇ ਵਿਖਾਉਣਾ ਚਾਹੁੰਦਾ ਹੈ। ਬਨਾਉਟੀ ਜ਼ੋਰ ਅਤੇ ਜੋਸ਼ ਨਾਲ ਖੇਡੀਆਂ ਕਬੱਡੀਆਂ ਦਾ ਕੀ ਫਾਇਦਾ ਭਲਾ?
ਅੱਜ ਪੰਜਾਬੀ ਗੀਤਾਂ ਦੇ ਬੋਲਾਂ ਫ਼ਿਲਮਾਂਕਣਾਂ ਵਿਚ ਪੰਜਾਬੀ ਗੱਭਰੂ ਨੂੰ ਵੈਲੀ, ਗੁੰਡਾ-ਬਦਮਾਸ਼, ਬਦਲਾਖੋਰ, ਸ਼ਰਾਬੀ-ਕਬਾਬੀ, ਬੰਦੂਕਾਂ ਦਾ ਸ਼ੌਕੀਨ, ਦੂਜਿਆਂ ਦੀਆਂ ਧੀਆਂ-ਭੈਣਾਂ ਨੂੰ ਛੇੜਨ ਵਾਲਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਮਾਡਲ ਅਤੇ ਗਾਇਕ ਆਪਣੀ ਬੇਹੁਦਾ ਵੇਸ਼ ਭੂਸ਼ਾ ਬਣਾ ਕੇ ਸਕਰੀਨ ਤੇ ਕੁਝ ਵੱਖਰਾ ਕਰਕੇ ਅਖੌਤੀ ਪੰਜਾਬੀ ਸਟਾਰ ਬਣਨ ਦੀ ਕੋਸ਼ਿਸ਼ ਕਰਦੇ ਹਨ। ਰੈਪ ਵਿਚ ਊਲ-ਜਲੂਲ ਅੰਗਰੇਜ਼ੀ ਦੇ ਅੱਖਰ ਪਾ ਕੇ ਅੰਤਰਰਾਸ਼ਟਰੀ ਗਾਇਕ ਬਣਨ ਅਤੇ ਆਧੁਨਿਕ ਹੋਣ ਦਾ ਭਰਮ ਪਾਲਿਆ ਜਾਂਦਾ ਹੈ।
ਪੰਜਾਬ ਦੀ ਧਰਤੀ ਜਿਥੇ ਬਾਬੇ ਨਾਨਕ ਵਰਗੇ ਮਹਾਨ ਮਹਾਂਪੁਰਸ਼ਾਂ ਨੇ ਨੀਵਾਂ ਚੱਲਣ, ਗਰੀਬ-ਗੁਰਬੇ ਦਾ ਸਾਥ ਦੇਣ, ਸਾਦਾ ਖਾਣ-ਪੀਣ ਅਤੇ ਰਹਿਣ-ਸਹਿਣ ਦੀ ਗੱਲ ਕੀਤੀ ਉੱਥੇ ਅੱਜ ਸਾਡਾ ਸਮਾਜ ਕਈ ਗ਼ਲਤ ਰੁਚੀਆਂ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। 3-4 ਜੀਆਂ ਲਈ 20-20 ਕਮਰਿਆਂ ਵਾਲੀਆਂ ਬਹੁਮੰਜ਼ਲੀਆਂ ਕੋਠੀਆਂ ਉਸਾਰਨੀਆਂ, ਵਿਆਹਾਂ ਮਰਗਾਂ ਤੇ ਵੱਡੇ-ਵੱਡੇ ਇਕੱਠ ਕਰਕੇ ਆਪਣੀ ਹਾਉਮੈ ਨੂੰ ਪੱਠੇ ਪਾਉਣੇ, ਜਨਵਰੀ-ਦਸੰਬਰ ਦੀ ਕੜਾਕੇ ਦੀ ਠੰਢ ਵਿਚ ਵੀ ਠੰਢੇ ਪੀਣੇ ਸਾਡੀ ਅਖੌਤੀ ਸ਼ਾਨ ਬਣ ਰਿਹਾ ਹੈ। ਪੱਛਮੀ ਤਰਜ਼ 'ਤੇ ਬੱਚਿਆਂ ਦੇ ਜਨਮ ਦਿਨ ਮਨਾਉਣ ਵਰਗੇ ਪ੍ਰੋਗਰਾਮਾਂ 'ਤੇ ਬੇਤਹਾਸ਼ਾ ਪੈਸਾ ਖਰਨ ਕਰਨਾ, ਨਿੱਕੇ ਵੱਡੇ ਨਿੱਜੀ ਅਤੇ ਧਾਰਮਿਕ ਪ੍ਰੋਗਰਾਮਾਂ ਤੇ ਆਤਿਸ਼ਬਾਜ਼ੀ ਕਰਕੇ ਹਜ਼ਾਰਾਂ ਰੁਪਏ ਬਰਬਾਦ ਕਰਨ ਵਰਗੀਆਂ ਰੁਚੀਆਂ ਸਾਡੇ ਸੱਭਿਆਚਾਰ ਦਾ ਹਿੱਸਾ ਬਣ ਰਹੀਆਂ ਹਨ। ਬੀਤੇ ਨੇ ਕਦੇ ਮੁੜ ਕੇ ਨਹੀਂ ਆਉਣਾ ਹੁੰਦਾ ਪਰ ਸੱਚ ਇਹ ਵੀ ਹੈ ਕਿ ਬੀਤੇ ਤੋਂ ਹੀ ਅਸੀਂ ਅਗਾਂਹ ਕੁਝ ਚੰਗਾ ਕਰਨ ਲਈ ਸਿੱਖ ਸਕਦੇ ਹਾਂ। ਜਿਥੇ ਅੱਜ ਸਾਨੂੰ ਸਮੂਹ ਪੰਜਾਬੀਆਂ ਨੂੰ ਆਪਣੀਆਂ ਉਸਾਰੂ ਕਦਰਾਂ-ਕੀਮਤਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਉੱਥੇ ਸਮਾਜ ਦੀ ਦਿਨੋ-ਦਿਨ ਨਿੱਘਰ ਰਹੀ ਹਾਲਤ ਨੂੰ ਮੋੜਾ ਦੇਣ ਲਈ ਕਲਮਕਾਰਾਂ, ਚਿੰਤਕ, ਵਿਦਵਾਨਾਂ ਨੂੰ ਵੱਡੀ ਭੂਮਿਕਾ ਨਿਭਾਉਣ ਦੀ ਲੋੜ ਹੈ।
-ਜ਼ੀਰਾ, ਮੋ: 98550-51099
No comments:
Post a Comment