ਪੰਜਾਬ 1984 ਫਿਲਮ: ਵਿਸ਼ਾ ਅਤੇ ਨੀਅਤ (ਵਿਸ਼ੇਸ਼ ਲੇਖ)
ਲੇਖਕ: ਅਜਮੇਰ ਸਿੰਘ
ਮਿਤੀ: 16 ਜੁਲਾਈ, 2014
(ਸ. ਅਜਮੇਰ ਸਿੰਘ ਉਘੇ ਸਿੱਖ ਇਤਿਹਾਸਕਾਰ ਅਤੇ ਲੇਖਕ ਹਨ। ਉਨ੍ਹਾਂ ਨੇ 1984 ਅਤੇ ਇਸ ਦੇ ਇਤਿਹਾਸਕ ਪਿਛੋਕੜ ਬਾਰੇ ਤਿੰਨ ਕਿਤਾਬਾਂ ਲਿਖੀਆਂ ਹਨ। ਉਹ ਇਸੇ ਲੜੀ ਵਿਚ ਚੌਥੀ ਕਿਤਾਬ ਉਪਰ ਕੰਮ ਕਰ ਰਹੇ ਹਨ। ਉਨ੍ਹਾਂ ਦੀ ਕਿਤਾਬ ’1984 ਅਣਚਿਤਵਿਆ ਕਹਿਰ‘ ਨਾ ਮੰਨਣਯੋਗ, ਨਾਭੁੱਲਣਯੋਗ, ਨਾਬਖਸ਼ਣਯੋਗ, ਵਿਚ ਉਨ੍ਹਾਂ ਨੇ ਜੂਨ ਅਤੇ ਨਵੰਬਰ 1984 ਦੀਆਂ ਘਟਨਾਵਾਂ ਦਾ ਪੂਰਾ ਵਿਸ਼ਲੇਸ਼ਣ ਕੀਤਾ ਹੈ। ਸ. ਅਜਮੇਰ ਸਿੰਘ ਨੇ ਪੰਜਾਬ 1984 ਫਿਲਮ ਦਾ ਪੜਚੋਲਵੀਂ ਨਜ਼ਰ ਨਾਲ ਮੁਲਾਂਕਣ ਕੀਤਾ ਹੈ)।
ਲੇਖਕ: ਸ. ਅਜਮੇਰ ਸਿੰਘ
ਫਿਲਮ ਦੇ ਮੁਲਾਂਕਣ ਤੋਂ ਪਹਿਲਾਂ ਇਕ ਸੁਆਲ ਉਠਦਾ ਹੈ ਜਿਸ ਦਾ ਜੁਆਬ ਜ਼ਰੂਰੀ ਹੈ, ਕਿ ਕੀ ਇਸ ਫਿਲਮ ਨੂੰ ‘ਪੰਜਾਬ 1984’ ਨਾਂ ਦੇਣ ਵੇਲੇ ਚੰਗੀ ਤਰ੍ਹਾਂ ਸੋਚਿਆ ਵਿਚਾਰਿਆ ਗਿਆ? ਇਸ ਪ੍ਰੋਜੈਕਟ ਦੀ ਮਿਹਨਤੀ ਟੀਮ ਨਾਲ ਇਨਸਾਫ਼ ਕਰਦੇ ਹੋਏ ਸੌਖ ਨਾਲ ਹੀ ਅੰਦਾਜ਼ਾ ਲਗ ਸਕਦਾ ਹੈ ਕਿ ਫਿਲਮ ਦਾ ਇਹ ਨਾਂ ਬਿਨਾਂ ਸੋਚੇ ਨਹੀਂ ਦਿਤਾ ਗਿਆ। ਇਹ ਬਕਾਇਦਾ ਸੋਚ-ਵਿਚਾਰ ਕੇ ਦਿਤਾ ਗਿਆ ਪ੍ਰਤੀਤ ਹੁੰਦਾ ਹੈ। ਪਰ ਫਿ਼ਲਮ ਦੇਖਣ ਤੋਂ ਬਾਅਦ ਹਰੇਕ ਸੂਝਵਾਨ ਦਰਸ਼ਕ ਨੂੰ ਪਤਾ ਲੱਗ ਜਾਂਦਾ ਹੈ, ਕਿ ਇਸ ਫਿਲਮ ਦੇ ਵਿਸ਼ਾ ਵਸਤੂ, ਕਹਾਣੀ ਅਤੇ ਸੰਦੇਸ਼ ਦਾ ਇਸ ਦੇ ਨਾਂ (ਟਾਈਟਲ) ਨਾਲ ਕੋਈ ਸਬੰਧ ਨਹੀਂ ਹੈ। ਸ਼ਾਇਦ ਇਹ ਗੁੰਮਰਾਹਕੁੰਨ ਨਾਂ (ਟਾਈਟਲ) ਚਲਾਕੀ ਤੇ ਮੰਦਭਾਵਨਾ ਨਾਲ ਰੱਖਿਆ ਗਿਆ ਹੈ।
ਕਿਸੇ ਸਮਾਜੀ-ਸਿਆਸੀ ਲਹਿਰ ਦਾ ਮੁਲਾਂਕਣ ਕਰਨ ਵੇਲੇ ਦੋ ਅਹਿਮ ਪੱਖਾਂ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਕ ਇਹ, ਕਿ ਫਿਲਮ ਵਿਚ ਲਹਿਰ ਦੇ ਮਨੋਰਥਾਂ ਤੇ ਇਸ ਨੂੰ ਜਨਮ ਦੇਣ ਵਾਲੇ ਤੱਥਾਂ ਜਾਂ ਕਾਰਨਾਂ ਨੂੰ ਕਿੰਨੇ ਕੁ ਪ੍ਰਮਾਣਿਕ ਤਰੀਕੇ ਤੇ ਸੁਹਿਰਦਤਾ ਨਾਲ ਪੇਸ਼ ਕੀਤਾ ਗਿਆ ਹੈ। ਦੂਜਾ, ਇਸ ਵਿਚ ਸ਼ਾਮਲ ਪਾਤਰਾਂ (ਜੁਝਾਰੂਆਂ) ਨੂੰ ਜਿਵੇਂ ਪੇਸ਼ ਕੀਤਾ ਗਿਆ ਹੈ, ਉਹ ਕਿੰਨਾਂ ਕੁ ਪ੍ਰਮਾਣਿਕ (ਅਸਲੀ) ਤੇ ਕਿੰਨਾ ਅਪ੍ਰਮਾਣਿਕ (ਨਕਲੀ) ਹੈ।
ਇਹ ਫਿ਼ਲਮ ਪੰਜਾਬ ਸਮੱਸਿਆ ਨੂੰ ਇਕ ਖੇਤਰੀ ਗੜਬੜ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਵਿਦੇਸ਼ੀ ਘੁਸਪੈਠੀਆਂ ਵਲੋਂ ਸ਼ੁਰੂ ਹੋਈ, ਸੱਤਾ ਦੇ ਭੁੱਖੇ ਸਿਆਸਤਦਾਨਾਂ ਵਲੋਂ ਘੜੀ, ਲਾਲਚੀ ਅਤੇ ਅਤਿਆਚਾਰੀ ਸਥਾਨਕ ਪੁਲਿਸ ਵਲੋਂ ਲਾਗੂ ਕੀਤੀ ਅਤੇ ਸਮਾਜਿਕ ਦੁਸ਼ਮਣੀਆਂ, ਜ਼ਮੀਨੀ ਝਗੜਿਆਂ, ਪਰਿਵਾਰਕ ਸਮੱਸਿਆਵਾਂ ਅਤੇ ਕਾਲਜ ਵਿਦਿਆਰਥੀਆਂ ਦੇ ਮਾਮੂਲੀ ਮੁੱਦਿਆਂ ਉਪਰ ਆਧਾਰਤ ਦਰਸਾਈ ਗਈ ਹੈ। ਅਖ਼ੀਰ ਵਿਚ ਫਿਲਮ ਇਸ ਸਿੱਟੇ ਤੇ ਪਹੁੰਚਦੀ ਹੈ, ਕਿ ਉਪਰ ਦਰਸਾਈਆਂ ਸਾਰੀਆਂ ਗੱਲਾਂ ਜਦੋਂ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਹਨ ਤਾਂ ਬੇਕਸੂਰਾਂ ਦੀਆਂ ਸਮੂਹਿਕ ਹੱਤਿਆਵਾਂ, ਜ਼ਾਤੀ ਦੁਸ਼ਮਣੀਆਂ, ਵੱਡੀ ਗਿਣਤੀ ਵਿਚ ਨੌਜਵਾਨਾਂ ਦੇ ਲਾਪਤਾ ਹੋਣ, ਵੱਡੀ ਗਿਣਤੀ ਵਿਚ ਲੋਕਾਂ ਉਪਰ ਜ਼ੁਲਮੋ-ਤਸ਼ੱਦਦ, ਦਰਜਨਾਂ ਪਰਿਵਾਰਾਂ ਦੇ ਤਬਾਹ ਹੋਣ ਜਿਹੀਆਂ ਦਰਦਨਾਕ ਘਟਨਾਵਾਂ ਵਾਪਰਦੀਆਂ ਹਨ ਜੋ ਨਾ ਸਹਿਣਯੋਗ ਹਨ ਅਤੇ ਇਸ ਨਾਲ ਕਦੇ ਨਾ ਰਾਜ਼ੀ ਹੋਣ ਵਾਲੇ ਜ਼ਖ਼ਮ ਮਿਲਦੇ ਹਨ। ਫਿ਼ਲਮ ਵਿਚ ਜਿਹੜੇ ਪਾਤਰ ਸਿਰਜੇ ਗਏ ਹਨ, ਉਹ ਕਿਸੇ ਵੱਡੇ ਆਦਰਸ਼ ਤੋਂ ਪ੍ਰੇਰਿਤ ਨਹੀਂ ਦਰਸਾਏ ਗਏ। ਉਨ੍ਹਾਂ ਦਾ ਲਹਿਰ ਵਿਚ ਸ਼ਾਮਲ ਹੋਣ ਦਾ ਫੈਸਲਾ ਕਿਸੇ ਚੇਤੰਨ ਰਾਜਨੀਤਕ ਸੋਚ ਵਿਚੋਂ ਪੈਦਾ ਨਹੀਂ ਹੋਇਆ। ਉਨ੍ਹਾਂ ‘ਚੋਂ ਬਹੁਤੇ ਪੁਲਸ ਦੇ ਸਤਾਏ ਹੋਣ ਕਰਕੇ, ਮਜ਼ਬੂਰੀ ਵੱਸ ਲਹਿਰ ਵਿਚ ਸ਼ਾਮਲ ਹੋ ਜਾਂਦੇ ਹਨ ਅਤੇ ਫਿਰ ਅੰਗਿਆਰਾਂ ਉਤੇ ਤੁਰਨਾ ਸ਼ੁਰੂ ਕਰ ਦਿੰਦੇ ਹਨ।
ਪੰਜਾਬ 1984
ਫਿ਼ਲਮ ਦੀ ਕਹਾਣੀ ਆਪਣੇ ਪਿਤਾ ਦੀ ਹੱਤਿਆ ਤੋਂ ਬਾਅਦ ਪੁੱਤਰ ਦੀ ਜਜ਼ਬਾਤੀ ਭੜਕਾਹਟ, ਆਪਣੇ ਲਾਪਤਾ ਪੁੱਤਰ ਦੀ ਤਲਾਸ਼ ਵਿਚ ਇਕ ਮਾਂ ਦਾ ਦਰ ਦਰ ਭਟਕਣਾ, ਜਵਾਨੀ ਪਹਿਰੇ ਦੇ ਇਸ਼ਕ ਦਾ ਦੁਖਾਂਤਕ ਅੰਤ ਅਤੇ ਪੁੱਤਰ ਦੀ ਆਪਣੀ ਇਕੱਲੀ, ਬੁੱਢੀ ਅਤੇ ਨਿਰਾਸ਼ ਮਾਂ ਕੋਲ ਪਰਤਣ ਦੀ ਤਾਂਘ ਦੇ ਆਲੇ ਦੁਆਲੇ ਘੁੰਮਦੀ ਹੈ। ਇਹ ਸਾਰਾ ਕੁਝ ਕਈ ਥਾਵਾਂ ਤੇ ਦਰਸ਼ਕਾਂ ਨੂੰ ਦਰਦ ਨਾਲ ਰੋਂਦੇ ਛੱਡ ਜਾਂਦਾ ਹੈ। ਜਦੋਂ ਦਰਸ਼ਕ ਦੀਆਂ ਅੱਖਾਂ ‘ਚੋਂ ਹੰਝੂ ਕਿਰਨ ਲੱਗ ਜਾਣ ਤਾਂ ਉਸ ਦੀ ਨਿਰਖ ਕਰਨ ਦੀ ਸ਼ਕਤੀ ਨਕਾਰਾ ਹੋ ਜਾਂਦੀ ਹੈ। ਦਰਸ਼ਕ ਜਦ ਜਜ਼ਬਿਆਂ ਦੇ ਵਹਾਅ ਵਿਚ ਵਹਿਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਫਿਲਮ ਪ੍ਰਤਿ ਸੰਤੁਲਤ ਪਹੁੰਚ ਅਪਣਾ ਸਕਣ ਦੀ ਸਮਰੱਥਾ ਗੁਆ ਲੈਂਦਾ ਹੈ।
ਇਸ ਫਿ਼ਲਮ ਦੇ ਨਿਰਮਾਤਾਵਾਂ ਤੇ ਪ੍ਰਸੰਸਕਾਂ ਵੱਲੋਂ ਦਿਤੀ ਜਾ ਰਹੀ ਸਭ ਤੋਂ ਵੱਧ ਖ਼ਤਰਨਾਕ ਅਤੇ ਛਲਾਵੇਭਰੀ ਦਲੀਲ ਇਹ ਹੈ, ਕਿ ਇਹ ਫਿ਼ਲਮ ਹਕੀਕੀ ਤੱਥਾਂ ਅਤੇ ਘਟਨਾਵਾਂ ਉਪਰ ਆਧਾਰਤ ਹੈ ਜੋ ਪੰਜਾਬ ਵਿਚ ਹਕੀਕੀ ਰੂਪ ਵਿਚ ਵਾਪਰੀਆਂ ਹਨ। ਠੀਕ ਹੈ, ਇਹ ਸੱਚ ਹੈ। ਪਰ ਨੁਕਤਾ ਇਹ ਹੈ ਕਿ ਫਿ਼ਲਮ ਵਿਚ ਪੇਸ਼ ਕੀਤੇ ਗਏ ਤੱਥ ਕੀ ਲਹਿਰ ਦੀ ਸਮੁੱਚਤਾ ਨੂੰ ਪੇਸ਼ ਕਰਦੇ ਹਨ? ਕੀ ਉਹ ਇਸ ਦੀ ਅੰਤਰੀਵ ਆਤਮਾ ਜਾਂ ਇਸ ਦੇ ਅੰਤਰੀਵ ਸੱਚ ਨੂੰ ਪ੍ਰਮਾਣਿਕਤਾ ਨਾਲ ਪੇਸ਼ ਕਰਦੇ ਹਨ? ਅਤੇ ਨਾਲ ਹੀ, ਜਿਹੜੇ ਤੱਥ ਤੇ ਘਟਨਾਵਾਂ ਫਿ਼ਲਮ ਵਿਚ ਪੇਸ਼ ਕੀਤੀਆਂ ਗਈਆਂ ਹਨ, ਕੀ ਉਹ ਇਤਿਹਾਸਕ ਤੌਰ ‘ਤੇ ਅਤੇ ਇਤਿਹਾਸਕ ਘਟਨਾਵਾਂ ਦੀ ਤਰਤੀਬ ਵਜੋਂ ਵੀ ਸਹੀ ਹਨ?
ਪੰਜਾਬ 1984
ਏਥੇ ਸਭ ਤੋਂ ਵੱਡੀ ਜਿਹੜੀ ਗੜਬੜ ਕੀਤੀ ਜਾ ਰਹੀ ਹੈ, ਉਹ ਹੈ ‘ਤੱਥਾਂ’ ਨੂੰ ‘ਸੱਚ’ ਨਾਲ ਰਲਗੱਡ ਕਰ ਦੇਣਾ। ਤੱਥ ਆਪਣੇ ਆਪ ਵਿਚ ਹੀ ਸੱਚ ਨਹੀਂ ਹੁੰਦਾ। ਹਰ ਸਮਾਜੀ ਲਹਿਰ ਅੰਦਰ ਅਨੇਕਾਂ ਤਰ੍ਹਾਂ ਦੇ, ਬੇਹੱਦ ਚੰਗੇ ਵੀ ਤੇ ਬੇਹੱਦ ਮਾੜੇ ਵੀ, ਲੋਕ ਸ਼ਾਮਲ ਹੁੰਦੇ ਹਨ। ਹਰ ਲਹਿਰ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਰੁਝਾਣ ਤੇ ਅਮਲ ਕ੍ਰਿਆਸ਼ੀਲ ਹੁੰਦੇ ਹਨ, ਅਨੇਕਾਂ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਲਹਿਰ ਅੰਦਰ ਜੋ ਕੁੱਝ ਵੀ ਵਾਪਰਦਾ ਹੈ, ਚੰਗਾ ਵੀ ਤੇ ਮਾੜਾ ਵੀ, ਠੀਕ ਵੀ ਤੇ ਗਲਤ ਵੀ, ਉਹ ਸਾਰੇ ਲਹਿਰ ਨਾਲ ਜੁੜੇ ਤੱਥ ਹੁੰਦੇ ਹਨ। ਦਾਨਸ਼ਵਰਾਂ ਨੇ ਇਨ੍ਹਾਂ ਸਮੁੱਚੇ ਤੱਥਾਂ ਵਿਚੋਂ ਲਹਿਰ ਦਾ ਸੱਚ ਲੱਭਣਾ ਹੁੰਦਾ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਅਤੇ ਆਪਣੀ ਮਨਮਰਜ਼ੀ ਨਾਲ ਲਹਿਰ ਦੇ ਕੁੱਝ ਤੱਥ ਚੁਣ ਲਏ ਤੇ ਕੁੱਝ ਛੱਡ ਦਿਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਲਹਿਰ ਦੇ ਅਸਲੀ ਸੱਚ ਵਜੋਂ ਪੇਸ਼ ਕੀਤਾ ਜਾਂਦਾ ਹੈ, ਤਾਂ ਇਹ ਲਹਿਰ ਨਾਲ ਘੋਰ ਬੇਇਨਸਾਫ਼ੀ ਹੁੰਦੀ ਹੈ। ਅਧੂਰਾ ਸੱਚ, ਜਿਸ ਵਿਚ ਸਮੇਂ ਦੀਆਂ ਬਹੁਤ ਸਾਰੀਆਂ ਗੱਲਾਂ ਗਾਇਬ ਹੋਣ ਅਤੇ ਬਦਨੀਤੀ ਨਾਲ ਤੱਥਾਂ ਦੀ ਪੇਸ਼ਕਾਰੀ ਕੀਤੀ ਗਈ ਹੋਵੇ, ਤਾਂ ਅਜਿਹਾ ਦਸਤਾਵੇਜ਼ ਤਿਆਰ ਹੋ ਸਕਦਾ ਹੈ ਜੋ ਪਾਠਕ/ਦਰਸ਼ਕ ਦੇ ਮਨ ਉਤੇ ਬਹੁਤ ਹੀ ਗੁੰਮਰਾਹਕੁੰਨ ਪ੍ਰਭਾਵ ਛੱਡੇਗਾ।
ਇਕ ਹੋਰ ਅਹਿਮ ਗੱਲ ਇਹ, ਕਿ ਕੋਈ ਵੀ ਲਹਿਰ ਹਮੇਸ਼ਾ ਵਾਸਤੇ ਇਕੋ ਬੁਲੰਦੀ ਉਤੇ, ਸਿਧਾਂਤਕ ਤੇ ਨੈਤਿਕ ਦੋਹਾਂ ਪੱਖਾਂ ਤੋਂ ਹੀ, ਨਹੀਂ ਰਹਿੰਦੀ। ਹਰ ਲਹਿਰ, ਕਿਸੇ ਨਾ ਕਿਸੇ ਰੂਪ ਵਿਚ, ਚੜ੍ਹਤਲ ਤੇ ਪਤਨ ਦਾ ਅਮਲ ਹੰਢਾਉਂਦੀ ਹੈ। ਜੋਬਨ ਮੌਕੇ ਲਹਿਰ ਵਿਚ ਜਿਹੜੀਆਂ ਸਿਧਾਂਤਕ ਤੇ ਸਦਾਚਾਰਕ ਸਿਫ਼ਤਾਂ ਪ੍ਰਗਟ ਹੁੰਦੀਆਂ ਹਨ, ਜਦੋਂ ਲਹਿਰ ਕਿਸੇ ਕਾਰਨ ਕਰਕੇ ਪਤਨਸ਼ੀਲ ਸਥਿਤੀ ਵਿਚ ਚਲੀ ਜਾਂਦੀ ਹੈ, ਤਾਂ ਇਨ੍ਹਾਂ ਸਿਫਤਾਂ ਨੂੰ ਖੋਰਾ ਪੈ ਜਾਂਦਾ ਹੈ। ਲਹਿਰ ਅੰਦਰ ਰੋਗੀ ਰੁਝਾਣ ਜ਼ੋਰ ਫੜ ਜਾਂਦੇ ਹਨ, ਜਿਹੜੇ ਅੰਤ ਨੂੰ ਲਹਿਰ ਦੀ ਅਸਫਲਤਾ ਦਾ ਕਾਰਨ ਹੋ ਨਿਬੜਦੇ ਹਨ। ਸੰਘਰਸ਼ਾਂ ਦੇ ਮਾਮਲੇ ਵਿਚ ਇਹ ਅਸੂਲ ਲੱਗਭੱਗ ਸਰਵ-ਵਿਆਪਕ ਹੈ। ਇਸ ਤੋਂ ਕੋਈ ਲਹਿਰ ਪੂਰੀ ਤਰ੍ਹਾਂ ਸੁਰਖ਼ੁਰੂ ਨਹੀਂ ਹੋ ਸਕਦੀ।
ਇਹ ਸਚਾਈ ਇਕ ਮਿਸਾਲ ਦੀ ਮੱਦਦ ਨਾਲ ਸੌਖੀ ਸਮਝ ਵਿਚ ਪੈ ਸਕਦੀ ਹੈ। ਸ਼ਹੀਦ ਭਗਤ ਸਿੰਘ ਦੇ ਇਕ ਸਰਗਰਮ ਸਾਥੀ ਅਜੈ ਘੋਸ਼, ਜਿਸ ਨੇ ਇਨਕਲਾਬੀ ਲਹਿਰ ਵਿਚ ਪੂਰੀ ਸਰਗਰਮ ਭੂਮਿਕਾ ਨਿਭਾਈ ਸੀ ਅਤੇ ਇਸ ਬਦਲੇ ਕਾਫ਼ੀ ਸਮਾਂ ਉਸ ਨੂੰ ਭਗਤ ਸਿੰਘ ਦੇ ਨਾਲ ਹੀ ਜੇਲ੍ਹ ਵਿਚ ਬਿਤਾਉਣਾ ਪਿਆ ਸੀ, ਨੇ ਅਖੀਰ ਵਿਚ ਜਾ ਕੇ ਲਹਿਰ ਅੰਦਰ ਪੈਦਾ ਹੋਈ ਰੋਗੀ ਹਾਲਤ ਦਾ ਚਿਤਰਨ ਇਸ ਤਰ੍ਹਾਂ ਕੀਤਾ ਹੈ। ਉਸ ਨੇ ਆਪਣੇ ਅਨੁਭਵ ਦੇ ਅਧਾਰ ‘ਤੇ ਲਿਖਿਆ ਹੈ ਕਿ:
“ਸਿਰਫ਼ ਸਰਕਾਰੀ ਜਬਰ ਹੀ ਨਹੀਂ ਸੀ ਜਿਸ ਕਾਰਨ ਪਾਰਟੀ ਦੀ ਮੌਤ ਹੋਈ।…. ਚੰਦਰ ਸ਼ੇਖਰ ਆਜ਼ਾਦ ਹੀ ਅਜਿਹਾ ਇਕ ਆਦਮੀ ਸੀ ਜਿਸ ਦੀ ਸਖ਼ਸ਼ੀਅਤ, ਜਿਸ ਦੀ ਭਰੋਸਾ ਜਗਾਉਣ ਦੀ ਸਮਰੱਥਾ ਅਤੇ ਜਿਸ ਦੀ ਪ੍ਰਤਿਸ਼ਠਾ ਨੇ ਬਾਰ ਬਾਰ ਹੁੰਦੀਆਂ ਅਸਫਲਤਾਵਾਂ ਅਤੇ ਵਧ ਰਹੇ ਅੰਦਰੂਨੀ ਮੱਤਭੇਦਾਂ ਦੇ ਰੂ-ਬ-ਰੂ ਹਿੰਦੁਸਤਾਨ ਸੋਸ਼ਲਿਸਟ ਰੀਪਬਲਕਨ ਆਰਮੀ ਨੂੰ ਇਕੱਠੇ ਰੱਖਿਆ। ਉਸ ਦੀ ਮੌਤ ਮਗਰੋਂ ਪਸਤਹਿੰਮਤੀ (ਬੇਦਿਲੀ) ਤੇਜ਼ੀ ਨਾਲ ਵਧੀ। ਕੈਲਾਸ਼ਪਤੀ ਵਰਗੇ ਆਗੂ ਦਹਿਸ਼ਤਗਰਦਾਂ ਦੀਆਂ ਗ਼ਦਾਰੀਆਂ ਨੇ ਪਹਿਲਾਂ ਹੀ ਪਾਰਟੀ ਦੀਆਂ ਸਫਾਂ ਨੂੰ ਸਖ਼ਤ ਸਦਮਾ ਪਹੁੰਚਾਇਆ ਸੀ। ਇਹ ਵੀ ਪਤਾ ਲੱਗਿਆ ਕਿ ਆਜ਼ਾਦ ਦੀ ਮੌਤ ਵੀ ਇਕ ਹੋਰ ਜਾਣੇ ਪਛਾਣੇ ਆਗੂ ਦੀ ਗ਼ਦਾਰੀ ਦਾ ਨਤੀਜਾ ਸੀ। ਕੋਈ ਪਤਾ ਨਹੀਂ ਸੀ ਕਿ ਅਗਲਾ ਗ਼ਦਾਰ ਕੌਣ ਹੋਵੇਗਾ। ਕੋਈ ਵੀ ਸ਼ੱਕ ਤੋਂ ਪਰ੍ਹੇ ਨਹੀਂ ਸੀ। ਆਪਸੀ ਭਰੋਸਾ ਉਡ ਪੁਡ ਗਿਆ ਸੀ। ਨਿੱਜੀ ਖਹਿਬੜਾਂ ਅਤੇ ਇਲਜ਼ਾਮਾਂ ਤੇ ਜਵਾਬੀ ਇਲਜ਼ਾਮਾਂ ਨੇ ਮਾਹੌਲ ਨੂੰ ਵਿਹੁ ਚਾੜ੍ਹ ਦਿਤੀ ਸੀ। ਪਾਰਟੀ ਵਿਚ ਘੁਸ ਚੁੱਕੇ ਪੁਲਸ ਜਸੂਸਾਂ ਅਤੇ ਘਟੀਆ ਤੱਤਾਂ ਨੇ ਇਸ ਤਰ੍ਹਾਂ ਦੀ ਹਾਲਤ ਬਹੁਤੀ ਬਣਾਈ ਸੀ। ਫੰਡਾਂ ਵਿਚ ਹੇਰਾ-ਫੇਰੀ, ਨਿਜੀ ਮਨੋਰਥਾਂ ਲਈ ਡਕੈਤੀਆਂ, ਇਖਲਾਕੀ ਨਿਘਾਰ ਨਿਤ ਵਧਦਾ ਵਰਤਾਰਾ ਬਣ ਗਏ। ਇਨ੍ਹਾਂ ਘਟਨਾਵਾਂ ਤੋਂ ਨਿਰਾਸ਼ ਹੋ ਕੇ ਬਹੁਗਿਣਤੀ ਨੇ ਸਿਆਸਤ ਤੋਂ ਹੀ ਕਿਨਾਰਾ ਕਰ ਲਿਆ। ਉਨ੍ਹਾਂ ਨੂੰ ਦਹਿਸ਼ਤਵਾਦ ਵਿਚ, ਆਪਣੇ ਸਾਥੀਆਂ ਵਿਚ, ਅਤੇ ਇਥੋਂ ਤਕ ਕਿ ਆਜ਼ਾਦੀ ਦੇ ਕਾਜ਼ ਵਿਚ ਵੀ ਭਰੋਸਾ ਨਾ ਰਿਹਾ।”
ਏਥੇ ਅਜੈ ਘੋਸ਼ ਇਨਕਲਾਬੀ ਲਹਿਰ ਬਾਰੇ ਜੋ ਕਹਿ ਰਿਹਾ ਹੈ ਉਹ ਮਨੋਂ ਘੜਕੇ ਨਹੀਂ ਕਹਿ ਰਿਹਾ। ਉਸ ਨੇ ਲਹਿਰ ਅੰਦਰ ਇਹ ਸਭ ਕੁੱਝ ਵਾਪਰਦਾ ਦੇਖਿਆ ਸੀ। ਇਹ ਸਾਰੇ ਲਹਿਰ ਨਾਲ ਸਬੰਧਤ ਤੱਥ ਹਨ। ਹੁਣ ਜੇਕਰ ਕੋਈ ਫਿਲਮ ਨਿਰਮਾਤਾ ਅਜੈ ਘੋਸ਼ ਵਲੋਂ ਦਰਸਾਏ ਇਨ੍ਹਾਂ ਤੱਥਾਂ ਨੂੰ ਅਧਾਰ ਬਣਾਕੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਬਾਰੇ, ਅਤੇ ਉਨ੍ਹਾਂ ਦੁਆਰਾ ਲੜੀ ਗਈ ਇਨਕਲਾਬੀ ਲੜਾਈ ਬਾਰੇ ਫਿਲਮ ਬਣਾਉਣ ਦੀ ਹਿਮਾਕਤ ਕਰ ਮਾਰੇ, ਅਤੇ ਉਤੋਂ ਇਹ ਦਾਅਵਾ ਜਤਲਾਏ ਕਿ ਇਹ ਸਭ ਕੁੱਝ ਸੱਚ ਹੈ ਅਤੇ ਸੱਚੀਆਂ ਘਟਨਾਵਾਂ ਉਤੇ ਅਧਾਰਤ ਹੈ, ਤਾਂ ਆਪ ਹੀ ਅੰਦਾਜ਼ਾ ਲਾ ਲਓ ਕਿ ਅਜੋਕੀਆਂ ਪੀੜ੍ਹੀਆਂ, ਜਿਨ੍ਹਾਂ ਨੇ ਉਹ ਲਹਿਰ ਦੇਖੀ ਹੰਢਾਈ ਨਹੀਂ, ਉਨ੍ਹਾਂ ਦੇ ਮਨਾਂ ਅੰਦਰ ਲਹਿਰ ਦਾ ਕਿਹੋ ਜਿਹਾ ਅਕਸ ਉਭਰੇਗਾ? ਇਹੀ ਕਿ ਜਿਸ ਨੂੰ ਅੱਜ ਬਹੁਤ ਹੀ ਅਦਬ ਤੇ ਸ਼ਰਧਾ ਨਾਲ ਸੱਚੇ-ਸੁੱਚੇ ਲੋਕਾਂ ਦੀ ਇਨਕਲਾਬੀ ਲਹਿਰ ਕਿਹਾ ਜਾਂਦਾ ਹੈ, ਉਹ ਅਸਲ ਵਿਚ ਗ਼ਦਾਰਾਂ, ਜਸੂਸਾਂ, ਧੋਖੇਬਾਜ਼ਾਂ, ਫੰਡਾਂ ਵਿਚ ਹੇਰੀ ਫੇਰੀ ਕਰਨ ਵਾਲੇ ਅਤੇ ਨਿੱਜੀ ਮਨੋਰਥਾਂ ਲਈ ਡਕੈਤੀਆਂ ਕਰਨ ਵਾਲੇ, ਇਖਲਾਕ ਤੋਂ ਨਿਘਰੇ ਵਿਅਕਤੀਆਂ ਦਾ ਇਕੱਠ ਸੀ। ਕੀ ਕੋਈ ਵੀ ਅਕਲਮੰਦ ਵਿਅਕਤੀ, ਜੇਕਰ ਉਹ ਮਨ ਅੰਦਰ ਲਹਿਰ ਪ੍ਰਤਿ ਨਫਰਤ ਤੇ ਵਿਹੁ ਨਹੀਂ ਰਖਦਾ, ਇਨਕਲਾਬੀ ਲਹਿਰ ਦੀ ਅਜਿਹੀ ਨਾਕਾਰਤਮਿਕ ਪੇਸ਼ਕਾਰੀ ਨੂੰ ਸਹੀ ਮੰਨਣ ਲਈ ਤਿਆਰ ਹੋ ਜਾਵੇਗਾ? ਕੀ ਉਹ ਲਹਿਰ ਨਾਲ ਅਜਿਹੀ ਘੋਰ ਇਨਸਾਫ਼ੀ ਸਹਿਣ ਕਰ ਲਵੇਗਾ? ਪਰ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਲਹਿਰ ਦਾ ਜੋ ਵੀ ਇਤਿਹਾਸ ਲਿਖਿਆ ਗਿਆ ਹੈ, ਉਹ ਸਾਕਾਰਤਮਿਕ ਪਹੁੰਚ ਅਧੀਨ, ਤੁਅੱਸਬਾਂ ਤੋਂ ਮੁਕਤ ਹੋ ਕੇ, ਸ਼ਰਧਾ ਦੀ ਭਾਵਨਾ ਨਾਲ ਲਿਖਿਆ ਗਿਆ ਹੈ। ਉਸ ਵਿਚ ਅਜੈ ਘੋਸ਼ ਦੁਆਰਾ ਚਿਤਰੀ ਲਹਿਰ ਦੀ ਸਥਿਤੀ ਨੂੰ ਪੁਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿਤਾ ਗਿਆ ਹੈ। ਇਸ ਕਰਕੇ ਲੋਕਾਂ ਦੇ ਮਨਾਂ ਉਤੇ ਉਸ ਲਹਿਰ ਤੇ ਉਸ ਦੇ ਨਾਇਕਾਂ ਦਾ ਹਾਂ-ਪੱਖੀ ਬਿੰਬ ਹੀ ਅੰਕਤ ਹੋਇਆ ਹੈ। ਇਹ ਉਸ ਲਹਿਰ ਦਾ ਤੇ ਉਸ ਦੇ ਨਾਇਕਾਂ ਦਾ ਸੁਭਾਗ ਹੈ। ਪਰ ਇਸ ਪੱਖੋਂ ਸਿੱਖ ਖਾੜਕੂ ਸੰਘਰਸ਼ ਨਾਲ ਘੋਰ ਬੇਇਨਸਾਫ਼ੀ ਹੋਈ ਹੈ। ਇਸ ਬਾਰੇ ਜਿਆਦਾਤਰ ਨਾਂਹ-ਪੱਖੀ ਪੇਸ਼ਕਾਰੀ ਹੀ ਹੋਈ ਹੈ। ਇਸ ਸੰਘਰਸ਼ ਦੀ ਚੜ੍ਹਤਲ ਤੇ ਜਵਾਨੀ ਵਾਲੇ ਦੌਰ ਨੂੰ ਪਤਨ ਦੇ ਦੌਰ ਦੇ ਬਿਰਤਾਤਾਂ ਨਾਲ ਜਾਂ ਤਾਂ ਪੂਰੀ ਤਰ੍ਹਾਂ ਦੱਬ ਦਿਤਾ ਗਿਆ ਹੈ, ਜਾਂ ਬੁਰੀ ਤਰ੍ਹਾਂ ਬੇਸ਼ਕਲ ਕਰ ਦਿਤਾ ਗਿਆ ਹੈ। ਇਹ ਸਭ ਰਾਸ਼ਟਰਵਾਦੀ ਵਿਚਾਰਧਾਰਾ ਦੀਆਂ ‘ਕਮਾਈਆਂ’ ਹਨ। ਇਤਿਹਾਸ ਅੰਦਰ ਕੀਹਨੂੰ ਨਾਇਕ ਬਣਾਉਣਾ ਹੈ ਤੇ ਕੀਹਨੂੰ ਖਲਨਾਇਕ ਬਣਾਉਣਾ ਹੈ, ਇਸ ਦਾ ਫੈਸਲਾ ਰਾਸ਼ਟਰਵਾਦੀਆਂ ਦੇ ਹੱਥ ਵਿਚ ਹੈ। ਇਹ ਹੱਥ ਬੇਸ਼ੁਮਾਰ ਹਨ, ਉਦਾਰਦਲੀਆਂ ਤੋਂ ਲੈ ਕੇ ਖੱਬੇ ਪੱਖੀਆਂ ਤਕ, ਹਿੰਦੂਤਵੀਆਂ ਤੋਂ ਲੈ ਕੇ ਹਰ ਵੰਨਗੀ ਦੇ ਸੈਕੂਲਰਿਸਟਾਂ ਤਕ।
‘ਪੰਜਾਬ 1984’ ਫਿਲਮ ਦੇ ਨਿਰਮਾਤਾ ਨੇ, ਭਾਰਤੀ ਰਾਜ ਅੰਦਰ ਸਿੱਖ ਕੌਮ ਨਾਲ ਹੋਈਆਂ ਬੇਇਨਸਾਫ਼ੀਆਂ ਤੇ ਵਧੀਕਿਆਂ ਦੇ ਖਿਲਾਫ਼ ਉਠੀ ਸਿੱਖ ਖਾੜਕੂ ਲਹਿਰ ਨਾਲ ਅਜਿਹਾ ਹੀ ਅਨਾਚਾਰ ਕੀਤਾ ਹੈ। ਫਿਲਮ ਵਿਚ ਅਪ੍ਰੇਸ਼ਨ ਬਲੂ ਸਟਾਰ ਦੇ ਇਕ (ਤੇ ਸਿਰਫ਼ ਇਕ ਹੀ) ਸੀਨ ਤੋਂ ਬਾਅਦ ਫਿਲਮ ਦੀ ਕਹਾਣੀ 1990ਵਿਆਂ ਦੀਆਂ ਘਟਨਾਵਾਂ ‘ਤੇ ਜਾ ਪਹੁੰਚਦੀ ਹੈ। ਇਹ ਚਾਰੇ ਪਾਸੇ ਫੈਲੀ ਹਿੰਸਾ ਤੇ ਤਸ਼ੱਦਦ ਉਪਰ ਕੇਂਦਰਤ ਹੁੰਦੀ ਹੈ। ਇਹ ਉਹ ਸਮਾਂ ਸੀ ਜਦ ਪੁਲਿਸ ਸਭ ਨੂੰ ਨਿਸ਼ਾਨਾ ਬਣਾ ਰਹੀ ਸੀ ਅਤੇ ਬੇਕਸੂਰਾਂ ਦਾ ਘਾਣ ਹੋ ਰਿਹਾ ਸੀ। ਭਾਰਤ ਵਿਚ ਸਿੱਖਾਂ ਲਈ ਇਨਸਾਫ਼ ਵਾਸਤੇ ਅਸਲ ਸੰਘਰਸ਼ ਜਾਂਬਾਜ਼ ਯੋਧੇ ਅਤੇ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਮਗਰੋਂ ਇਕ ਪੁਰਅਮਨ ਲਹਿਰ ਵਜੋਂ ਸ਼ੁਰੂ ਹੋਇਆ ਸੀ। ਜੋ ਇੰਦਰਾ ਗਾਂਧੀ ਸਰਕਾਰ ਅਤੇ ਪੰਜਾਬ ਪੁਲਿਸ ਦੇ ਅਕਹਿ ਅਤਿਆਚਾਰਾਂ ਕਾਰਨ ਬਾਅਦ ਵਿਚ ਜਾ ਕੇ ਹਿੰਸਾ ਵਿਚ ਤਬਦੀਲ ਹੋ ਗਿਆ ਸੀ। ਇਹ ਅਖੀਰ ਵਿਚ ਜਾ ਕੇ ਆਧੁਨਿਕ ਸਿੱਖ ਇਤਿਹਾਸ ਦਾ ਦੁਖਦਾਈ ਕਾਂਡ ਬਣ ਗਿਆ। ਅਪ੍ਰੇਸ਼ਨ ਬਲੂ ਸਟਾਰ ਦੇ ਨਤੀਜੇ ਵਜੋਂ ਇੰਦਰਾ ਗਾਂਧੀ ਦਾ ਕਤਲ ਹੋਇਆ, ਇਸ ਤੋਂ ਬਾਅਦ ਪੰਜਾਬ ਵਿਚ ਸਿੱਖ ਕੌਮ ਦੇ ਕਾਜ਼ ਲਈ ਹਥਿਆਰਬੰਦ ਗੁਰੀਲਾ ਲਹਿਰ ਸ਼ੁਰੂ ਹੋ ਗਈ ਜੋ ਭਾਰਤੀ ਸਟੇਟ ਤੋਂ ਇਨਸਾਫ਼ ਮੰਗ ਰਹੇ ਸਨ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਬਦਕਿਸਮਤੀ ਨਾਲ 90ਵਿਆਂ ਦੇ ਸ਼ੁਰੂ ਵਿਚ ਲਹਿਰ ਆਪਣੀ ਸੇਧ ਤੋਂ ਕਾਫ਼ੀ ਹੱਦ ਤਕ ਭਟਕ ਗਈ ਸੀ। ਇਹ ਗਿਰਾਵਟ ਕਈ ਕਾਰਨਾਂ ਕਰਕੇ ਆਈ ਜੋ ਵਿਆਪਕ ਅਤੇ ਗਹਿਰੇ ਵਿਸ਼ਲੇਸ਼ਣ ਦੀ ਮੰਗ ਕਰਦੇ ਹਨ। ਪਰ ਖੁਫ਼ੀਆ ਏਜੰਸੀਆਂ ਦੀ ਘੁਸਪੈਠ ਇਕ ਵੱਡਾ ਕਾਰਨ ਸੀ, ਜਿਸ ਨਾਲ ਸਿੱਖ ਇਨਕਲਾਬੀਆਂ ਦੀਆਂ ਵਸੀਹ ਪੱਧਰ ‘ਤੇ ਗ੍ਰਿਫਤਾਰੀਆਂ ਅਤੇ ਹੱਤਿਆਵਾਂ ਹੋਈਆਂ, ਜਿਨ੍ਹਾਂ ਵਿਚੋਂ ਬਹੁਤ ਸਾਰੇ ਲਹਿਰ ਪ੍ਰਤੀ ਵਚਨਬੱਧ ਅਤੇ ਸਿੱਖ ਧਰਮ ਦੇ ਇਨਕਲਾਬੀ ਵਿਰਸੇ ਤੋਂ ਪ੍ਰੇਰਿਤ ਸਨ। ਇਹ ਗੱਲ ਬਿਨਾਂ ਝਿਜਕ ਕਹੀ ਜਾ ਸਕਦੀ ਹੈ ਕਿ ਸਿੱਖ ਮਿਲੀਟੈਂਟਾਂ ਦੀ ਲੀਡਰਸ਼ਿਪ ਦੇ ਕੁਝ ਹਿੱਸਿਆਂ ਨੇ ਕੁਝ ਰਣਨੀਤਕ ਗਲਤੀਆਂ ਕੀਤੀਆਂ, ਜਿਸ ਕਾਰਨ ਲਹਿਰ ਪਤਨ ਦਾ ਸਿ਼ਕਾਰ ਹੋਈ। ਇਸ ਨਾਲ, ਖੋਟੀ ਨੀਤ ਵਾਲੀ ਭਾਰਤੀ ਸਟੇਟ ਨੂੰ ਲਹਿਰ ਉਪਰ ਵੱਡੀ ਪੱਧਰ ‘ਤੇ ਜ਼ਾਲਮਾਨਾ ਹੱਲਾ ਕਰਨ ਦਾ ਪੂਰਾ ਮੌਕਾ ਮਿਲਿਆ। 90ਵਿਆਂ ਦੇ ਸ਼ੁਰੂ ਦਾ ਸਮਾਂ ਉਹ ਸਮਾਂ ਸੀ ਜਦ ਪੁਲਿਸ ਨੇ ਵਿਆਪਕ ਪੈਮਾਨੇ ਉਤੇ ਗੈਰ ਮਨੁੱਖੀ ਤਸ਼ੱਦਦ ਅਤੇ ਕਤਲ ਕੀਤੇ। ਇਨ੍ਹਾਂ ‘ਚੋਂ ਕਾਫ਼ੀ ਕਤਲ ਅਜਿਹੇ ਵੀ ਹੋਏ ਜਿਹੜੇ ਜਿਆਦਾਤਰ, ਸਥਾਨਕ ਬਦਲੇਖ਼ੋਰੀ, ਘਟੀਆ ਸਿਆਸਤ, ਜ਼ਮੀਨਾਂ-ਜਾਇਦਾਦਾਂ ਦੇ ਝਗੜੇ, ਸਥਾਨਕ ਦੁਸ਼ਮਣੀਆਂ ਤੇ ਪੈਸਿਆਂ ਕਾਰਨ ਹੋਏ। ਪੁਲਿਸ ਨੂੰ ਕੁਝ ਵੀ, ਅਤੇ ਹਰ ਕੁੱਝ, ਕਰਨ ਦੀ ਪੂਰੀ ਖੁਲ੍ਹ ਸੀ। ਉਹ ਕਿਸੇ ਨੂੰ ਜੁਆਬਦੇਹ ਨਹੀਂ ਸਨ ਅਤੇ ਬਹੁਤ ਸਾਰੇ ਨਾਮਵਰ ਤੇ ਸੂਰਮਗਤੀ ਦੇ ਪ੍ਰਤੀਕ ਬਣੇ ਸਿਰਲੱਥ ਜੁਝਾਰੂਆਂ ਨੂੰ ਫੜ ਕੇ, ਅਕਿਹ ਤਸੀਹੇ ਦੇ ਕੇ ਜਾਨੋਂ ਮਾਰ ਮੁਕਾਉਣ ਤੋਂ ਬਾਅਦ ਜ਼ਾਲਮ ਪੁਲਸ ਅਫਸਰਾਂ ਤੇ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਕਿਸੇ ਦਾ ਡਰ ਭਉ ਨਹੀਂ ਰਿਹਾ ਸੀ।
ਫਿਲਮ ਵਿਚ ਮੁੱਖ ਤੌਰ ‘ਤੇ ਇਤਿਹਾਸ ਦਾ ਇਹ ਦੌਰ ਚਿਤਰਿਆ ਗਿਆ ਹੈ। ਲਹਿਰ ਦੇ ਚੜ੍ਹਤਲ ਵਾਲੇ ਸ਼ਾਨਾਮੱਤੇ ਦੌਰ ਨੂੰ ਪੂਰੀ ਤਰ੍ਹਾਂ ਲਾਂਭੇ ਕਰਕੇ, ਲਹਿਰ ਦੀ ਪਤਨਸ਼ੀਲ ਅਵਸਥਾ ਨੂੰ ਦਰਸਾਉਂਦਾ ਇਹ ਦੌਰ ਜਾਣ ਬੁੱਝ ਕੇ ਚੁਣਿਆ ਗਿਆ ਹੈ। ਕਿਉਂਕਿ ਇਸ ਰਾਹੀਂ ਹੀ ਲਹਿਰ ਦੇ ਵਿਰੁੱਧ ਤੁਅੱਸਬ ਪੈਦਾ ਕਰਨ ਦਾ ਮਨੋਰਥ ਪੂਰਾ ਕੀਤਾ ਜਾ ਸਕਦਾ ਹੈ। ਫਿਲਮ ਅੰਦਰ ਨਾ ਤਾਂ ਲਹਿਰ ਨੂੰ ਜਨਮ ਦੇਣ ਵਾਲੇ ਅਸਲੀ ਕਾਰਨਾਂ ਦੀ ਅਤੇ ਨਾ ਹੀ ਹੱਕ ਸੱਚ ਤੇ ਇਨਸਾਫ਼ ਲਈ ਜੂਝਣ ਵਾਲੇ ਸਿੱਖ ਜੁਝਾਰੂਆਂ ਦੀ ਸਹੀ ਤੇ ਪ੍ਰਮਾਣਿਕ ਪੇਸ਼ਕਾਰੀ ਕੀਤੀ ਗਈ ਹੈ। ਸਾਰੇ ਕੁਛ ਨੂੰ ਬਹੁਤ ਹੀ ਗੰਧਲੇ ਤੇ ਵਿਗੜੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਹ ਸਚਾਈ ਲੁਕੋਣ ਦਾ ਪੂਰਾ ਯਤਨ ਕੀਤਾ ਗਿਆ ਹੈ, ਕਿ ਸਿੱਖ ਖਾੜਕੂ ਸੰਘਰਸ਼ ਦੇ ਪਿਛੋਕੜ ਵਿਚ ਕੰਮ ਕਰਦੀ ਕੇਂਦਰੀ ਸਮੱਸਿਆ ਅਤੇ ਸਿੱਖ ਖਾੜਕੂ ਲਹਿਰ ਨੂੰ ਜਨਮ ਦੇਣ ਵਾਲੇ ਅਸਲੀ ਕਾਰਨ (ਤੱਥ), ਸਿੱਖ ਕੌਮ ਦਾ ਅਤੇ ਇਸ ਦੇ ਇਤਿਹਾਸ ਤੇ ਇਸ ਦੇ ਰੂਹਾਨੀ ਜੋਸ਼ ਦਾ ਕਤਲੇਆਮ ਸੀ, ਜਿਸ ਦੀਆਂ ਜੜ੍ਹਾਂ 1947 ਤੋਂ ਬਾਅਦ ਦੇ ਇਤਿਹਾਸ ਵਿਚ ਪਈਆਂ ਹਨ। ਪਰ ਇਸ ਲਹਿਰ ਨੇ 70ਵਿਆਂ ਦੇ ਅਖ਼ੀਰ ਵਿਚ ਠੋਸ ਸਰੂਪ ਧਾਰਨਾ ਸ਼ੁਰੂ ਕੀਤਾ ਸੀ। ਜੂਨ 1984 ਇਸ ਦਾ ਸਿਖਰ ਸੀ ਜਿਸ ਦਾ ਜਾਹੋ-ਜਲਾਲ, ਕੁੱਝ ਕਮੀਆਂ ਤੇ ਪੇਸ਼ੀਆਂ ਦੇ ਬਾਵਜੂਦ, ਘੱਟੋ-ਘੱਟ ਪੰਜ ਸਾਲਾਂ ਤਕ ਜਾਰੀ ਰਿਹਾ। ਇਸ ਨੂੰ ਫਿਲਮ ਵਿਚ ਛੋਹਿਆ ਤੱਕ ਨਹੀਂ ਗਿਆ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਵੀ ਨਹੀਂ ਕੱਟਿਆ ਗਿਆ ਅਤੇ ਕੁਝ ਅਜੀਬ ਵਰਗਾਂ ਵਲੋਂ ਇਸ ਦਾ ਵਿਆਪਕ ਪ੍ਰਚਾਰਕ ਕੀਤਾ ਜਾ ਰਿਹਾ ਹੈ ਜੋ ਪਹਿਲੀਆਂ ਦੋ ਹੋਰ ਫਿਲਮਾਂ (‘ਸਾਡਾ ਹੱਕ’ ਤੇ ‘ਕੌਮ ਦੇ ਹੀਰੇ’) ਪ੍ਰਤੀ ਨਹੀਂ ਸੀ ਹੋਇਆ ਜੋ ਪੰਜਾਬ ਦੀ ਲਹਿਰ ਬਾਰੇ ਬਣੀਆਂ ਸਨ ਅਤੇ ਸ਼ੁਰੂ ਵਿਚ ਉਨ੍ਹਾਂ ਉਪਰ ਪਾਬੰਦੀ ਵੀ ਲੱਗੀ। ਇਨ੍ਹਾਂ ਫਿ਼ਲਮਾਂ ਨਾਲ ਅਜਿਹਾ ਵਰਤਾਉ ਕਿਉਂ ਹੋਇਆ? ਕਿਉਂਕਿ ਇਹ ਦੋਵੇਂ ਫਿਲਮਾਂ ਨੇ, ਕਾਫ਼ੀ ਸਾਰੀਆਂ ਘਾਟਾਂ ਤੇ ਕਮਜ਼ੋਰੀਆਂ ਦੇ ਬਾਵਜੂਦ, ਸਿੱਖ ਖਾੜਕੂ ਸੰਘਰਸ਼ ਦੇ ਇਤਿਹਾਸ ਦੇ ਕੁਝ ਹਿੱਸੇ ਨੂੰ ਅਸਲ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਸਿੱਖ ਜਨਤਾ ਨੇ ਇਨ੍ਹਾਂ ਨੂੰ ਭਰਪੂਰ ਹੁੰਗਾਰਾ ਦਿੱਤਾ ਸੀ। ਜਦ ਇਕ ਵਿਚਾਰਧਾਰਾ ਜੋ ਆਮ ਲੋਕਾਂ ਅੰਦਰ ਬਹੁਤ ਹੀ ਹਰਮਨ ਪਿਆਰੀ ਹੋ ਜਾਵੇ ਪਰ ਜਿਹੜੀ ਸ਼ਕਤੀਸ਼ਾਲੀ ਵਿਰੋਧੀਆਂ ਨੂੰ ਰਾਸ ਨਾ ਆਉਂਦੀ ਹੋਵੇ ਅਤੇ ਉਹ ਇਤਿਹਾਸਕ ਅਤੇ ਦਾਰਸ਼ਨਿਕ ਹਕੀਕਤਾਂ ਕਰਕੇ ਇਸ ਨੂੰ ਖੁੱਲ੍ਹੇਆਮ ਚੁਣੌਤੀ ਨਾਂ ਦੇ ਸਕਦੇ ਹੋਣ, ਤਾਂ ਉਨ੍ਹਾਂ ਲਈ ਫਿਰ ਇਕ ਹੀ ਬਦਲ ਬਚਦਾ ਹੈ: ਕਿ ਉਹ ਕਿਸੇ ਗੁੰਮਰਾਹਕੁਨ ਵਿਚਾਰਧਾਰਾ ਨਾਲ ਇਸ ਦਾ ਮੁਕਾਬਲਾ ਕਰਨ ਤਾਂ ਜੋ ਆਮ ਲੋਕਾਂ ਵਿਚ ਭੰਬਲਭੂਸਾ ਪੈਦਾ ਕੀਤਾ ਜਾ ਸਕੇ। ਇਸ ਫਿਲਮ ਦੇ ਪਿਛੇ ਵੀ ਇਹੋ ਜਿਹਾ ਮੰਤਵ ਜਾਪਦਾ ਹੈ ਅਤੇ ਇਹ ਜੱਗ ਜ਼ਾਹਰ ਹੈ। ਹਾਲਾਂਕਿ ਇਸ ਨਾਲ ਵੀ ਉਨ੍ਹਾਂ ਦੀ ਦਾਲ ਨਹੀਂ ਗਲਣੀ।
ਪਰ ਸੁਆਲ ਖੜ੍ਹਾ ਹੁੰਦਾ ਹੈ, ਕਿ ਫਿ਼ਲਮ ਦੇ ਅਜਿਹੇ ਦੋਸ਼ ਪੂਰਨ ਖਾਸੇ ਦੇ ਬਾਵਜੂਦ, ਇਹ ਸਿੱਖਾਂ ਦੇ ਵੱਡੇ ਵਰਗਾਂ ਅੰਦਰ, ਅਤੇ ਇਥੋਂ ਤਕ ਕਿ ਖਾੜਕੂ ਲਹਿਰ ਨਾਲ ਹਮਦਰਦੀ ਰੱਖਣ ਵਾਲੇ ਹਿਸਿਆਂ ਅੰਦਰ ਵੀ ਏਨੀ ਮਕਬੂਲ ਕਿਉਂ ਹੋ ਗਈ? ਸੁਆਲ ਵਾਜਬ ਹੈ, ਅਤੇ ਘਾਤਕ ਵੀ ਹੈ? ਇਸ ਦਾ ਜੁਆਬ ਡਾ. ਗੁਰਮੁਖ ਸਿੰਘ ਦੀ ਉਸ ਲਿਖਤ ਵਿਚੋਂ ਮਿਲ ਸਕਦਾ ਹੈ, ਜਿਸ ਵਿਚ ਉਸ ਨੇ ਇਸ ਫਿਲਮ ਤੋਂ ਪਹਿਲਾਂ ਇਸੇ ਵਿਸ਼ਾ ਵਸਤੂ ਨੂੰ ਲੈ ਕੇ ਬਣੀਆਂ ਚਾਰ ਫਿਲਮਾਂ ਦਾ ਬਹੁਤ ਹੀ ਗਹਿਰ-ਗੰਭੀਰ ਤੇ ਸਿਧਾਂਤਕ ਪੱਖ ਤੋਂ ਉਚ ਪਾਏ ਦਾ ਵਿਸ਼ਲੇਸ਼ਣ ਤੇ ਤੁਲਨਾਤਮਿਕ ਅਧਿਅਨ ਕੀਤਾ ਹੈ। ਡਾ. ਗੁਰਮੁਖ ਸਿੰਘ ਦੀ ਇਹ ਸਮੁੱਚੀ ਲਿਖਤ ਹਰ ਸੂਝਵਾਨ ਤੇ ਸੁਹਿਰਦ ਪਾਠਕ ਨੂੰ ਪੂਰੀ ਨੀਝ ਨਾਲ ਪੜ੍ਹਨੀ ਚਾਹੀਦੀ ਹੈ। ਇਹ ਵਿਸ਼ੇ ਅਧੀਨ ਫਿਲਮ ਦੇ ਦੋਸ਼ਾਂ ਤੇ ਇਨ੍ਹਾਂ ਦੇ ਪਿੱਛੇ ਕੰਮ ਕਰਦੀ ਸੋਚਣੀ ਦੀਆਂ ਪਰੋਖ ਤੇ ਅਪਰੋਖ ਪਰਤਾਂ ਨੂੰ ਸਮਝਣ ਲਈ ਅੰਤਰ-ਦ੍ਰਿਸ਼ਟੀ ਪਰਦਾਨ ਕਰਦੀ ਹੈ। ਇਸ ਨਾਲ ਉਨ੍ਹਾਂ ਤੱਤਾਂ ਦੀ ਸਿਧਾਂਤਕ ਗੁਰਬਤ ਅਤੇ ਉਲਾਰ ਪ੍ਰਵਿਰਤੀ ਵੀ ਸਾਫ਼ ਉਘੜ ਆਉਂਦੀ ਹੈ, ਜਿਹੜੇ ਇਸ ਫਿ਼ਲਮ ਦੇ ਤਕਨੀਕੀ/ਕਲਾਤਮਿਕ ਪੱਖਾਂ ਉਤੇ ਹੱਦੋਂ ਵੱਧ ਨਿਹਾਲ ਹੋਏ ਫਿਰਦੇ ਹਨ ਅਤੇ ਇਸ ਫਿਲਮ ਦੀ ਮੁਫ਼ਤ ਵਿਚ ਹੀ ਪਬਲੀਸਿਟੀ ਕਰ ਰਹੇ ਹਨ। ਇਨ੍ਹਾਂ ਲੋਕਾਂ ਨੂੰ ਏਨੀ ਸਾਦਾ ਸਚਾਈ ਦਾ ਵੀ ਗਿਆਨ ਨਹੀਂ ਕਿ ਜਦੋਂ ਮਸਲਾ ਕਿਸੇ ਅਜਿਹੀ ਸਮਾਜਿਕ-ਰਾਜਸੀ ਲਹਿਰ ਦਾ ਹੋਵੇ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਜੁਝਾਰੂਆਂ ਨੇ ਹੱਕੀ ਕਾਜ਼ ਵਾਸਤੇ ਆਪਣੀਆਂ ਚੜ੍ਹਦੇ ਸੂਰਜ ਵਰਗੀਆਂ ਭਖਦੀਆਂ ਜਵਾਨੀਆਂ ਨੂੰ ਹੱਸ ਹੱਸ ਕੇ ਕੁਰਬਾਨ ਕਰ ਦਿਤਾ ਹੋਵੇ ਅਤੇ ਵੇਲੇ ਦੀ ਹਕੂਮਤ ਨੇ ਜਿਸ ਲਹਿਰ ਨੂੰ ਹੱਦ ਦਰਜੇ ਦੀ ਕਰੂਰਤਾ ਨਾਲ ਲਹੂ ਵਿਚ ਡਬੋ ਦਿਤਾ ਹੋਵੇ, ਤਾਂ ਅਜਿਹੀ ਲਹਿਰ ਦਾ ਚਿਤਰਨ ਕਰਨ ਦਾ ਦਾਅਵਾ ਕਰਨ ਵਾਲੀ ਜਾਂ ਇਸ ਨਾਲ ਜੁੜੇ ਪਾਕਿ ਜਜ਼ਬਿਆਂ ਦਾ ਵਪਾਰਕ ਮਨੋਰਥਾਂ ਲਈ ਇਸਤੇਮਾਲ ਕਰਨ ਵਾਲੀ ਫਿਲਮ ਦਾ ਮੁਲਾਂਕਣ ਕਰਨ ਵੇਲੇ ਸੋਚ ਦਾ ਸੰਤੁਲਨ ਨਹੀਂ ਉਖੜਨਾ ਚਾਹੀਦਾ। ਅਜਿਹੀ ਫਿ਼ਲਮ ਨੂੰ ਅੰਗਣ ਪਰਖਣ ਵੇਲੇ ਸਿਧਾਂਤਕ ਪੱਖ ਸਿਰਮੌਰ ਰਹਿਣਾ ਚਾਹੀਦਾ ਹੈ। ਅਜਿਹੇ ਮਾਮਲੇ ਵਿਚ ਫਿਲਮ ਦੇ ਤਕਨੀਕੀ/ਕਲਾਤਮਿਕ ਪਹਿਲੂਆਂ ਦੀ ਹਸਤੀ ਦੋਮ ਦਰਜੇ ਤੇ ਚਲੀ ਜਾਂਦੀ ਹੈ। ਸਿਖ ਕੌਮ ਦੀ ਪੀੜ ਨਾਲ ਇਕਸੁਰ ਹੋਏ ਵਿਅਕਤੀ ਦੇ ਮੂੰਹੋਂ, ਫਿਲਮ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਜਾਣ ਦੀ ਕਵਾਇਦ ਦੇ ਸਨਮੁੱਖ ਇਹ ਗਿਲਾਨੀ ਭਰੇ ਲਫ਼ਜ਼ ਸੁਤੇ ਸਿੱਧ ਹੀ ਨਿਕਲ ਜਾਂਦੇ ਹਨ ਕਿ: ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ!
Showing posts with label punjab1984. Show all posts
Showing posts with label punjab1984. Show all posts
Monday, 21 July 2014
Punjab1984 Film Review
Subscribe to:
Posts (Atom)