Tuesday, 18 September 2012

ਇਕ ਬਾਬਾ ਨਾਨਕ ਸੀ ਪਰ ਦੂਜਾ …?


ਬਾਬਾ ਫੌਜਾ ਸਿੰਘ ਦੇ ਸ਼ਹਿਰ ਵੀ ਇਹ ਖ਼ਬਰ ਅੱਗ ਵਾਂਗ ਫਿਰ ਰਹੀ ਸੀ ਕਿ ਬੱਬੂ ਮਾਨ ਦੇ ‘ਇਕ ਬਾਬਾ ਨਾਨਕ ਸੀ ਜਿਸ ਤੁਰਕੇ ਦੁਨੀਆਂ ਗਾਹਤੀ’ ਗਾਉਣ ਨਾਲ ਬਾਬੇ ਢੱਢਰੀ ਨੂੰ ਬਹੁਤ ਸੇਕ ਲੱਗਾ। ਬਾਬੇ ਫੌਜਾ ਸਿੰਘ ਨੂੰ ਜਾਪਿਆ ਕਿ ‘ਸਾਧ’ ਇਨਾ ਸਿਆਣਾ ਨਹੀ ਨਿਕਲਿਆ ਇਹ ਤਾਂ ਇੰਝ ਹੋਇਆ ਜਿਵੇਂ ਹਵਾ ਵਿੱਚ ਉਡਦੀ ਜਾਂਦੀ ਸਵਾਹ ਨੂੰ ਕਿਸੇ ਆਪ ‘ਇਨਵਾਈਟ’ ਕੀਤਾ ਹੋਵੇ ਕਿ ਸਵਾਹ ਜੀ! ਦੂਰ ਦੂਰ ਦੀ ਕਿਉਂ... ਜਾਂਦੇ ਹੋ ਥੋੜਾ ਮੇਰੇ ਸਿਰ ਉਪਰ ਵੀ ਕ੍ਰਿਪਾ ਕਰ ਜਾਓ! ਬੱਬੂ ਮਾਨ ਨੇ ਤਾਂ ਸ਼ਾਇਦ ਜਰਨਲ ਗੱਲ ਕੀਤੀ ਹੋਵੇ ਪਰ ਬਾਬੇ ਨੇ ਅਪਣੇ ਉਪਰ ਲੈ ਕੇ ਲੋਕਾਈ ਨੂੰ ਖੁਦ ਦੱਸਿਆ ਕਿ ਲੋਕੋ ਲਾਲ ਬੱਤੀ ਵਾਲਾ ਮੈ ਹਾਂ ਮੈ! ਸੱਚਮੁਚ ਹੁਣ ਤਕ ਬਾਬੇ ਫੌਜਾ ਸਿੰਘ ਨੂੰ ਵੀ ਨਹੀ ਸੀ ਪਤਾ ਕਿ ਬਾਬੇ ਢੱਡਰੀ ਕੋਲੇ ਲਾਲ ਬੱਤੀ ਵਾਲੀ ਕਾਰ ਹੈ। ਲਾਲ ਬੱਤੀ ਤਾਂ ਸ਼ਾਇਦ ਹਰਲ ਹਰਲ ਕਰਦੇ ਫਿਰਦੇ ਬਾਬਿਆਂ ਚੋਂ ਹੋਰ ਕਿਸੇ ਕੋਲ ਵੀ ਹੋਵੇ ਪਰ ਹੁਣ ਲਾਲ ਬੱਤੀ ਦੀ ਪਛਾਣ ਇੱਕਲੇ ਬਾਬੇ ਢੱਡਰੀ ਨਾਲ ਹੀ ਜੁੜ ਗਈ ਹੈ। ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਲੋਕ ਕਹਿੰਦੇ ਹੁੰਦੇ ਕਿ ‘ਮਹਾਂਪੁਰਖਾਂ’ ਦੇ ਬੱਚਨ ਬੜੇ ਕੀਮਤੀ ਹੁੰਦੇ ਸੱਚਮੁਚ ਬਾਬੇ ਢੱਡਰੀ ਦੇ ਕਹੇ ਬੱਚਨ ਬੱਬੂਮਾਨ ਨੂੰ ਕ੍ਰੋੜਾਂ `ਚ ਪਏ ਨੇ। ਬੱਬੂ ਮਾਨ ਉਪਰ ਬਾਬਿਆਂ ਦੀ ਖਾਸ ਰਹਿਮਤ ਹੋਈ ਹੈ ਕਿ ਉਸ ਦੀ ਇਹ ਸੀ. ਡੀ ਹੁਣ ਕ੍ਰੋੜਾਂ ਦੀ ਵਿਕੇਗੀ। ਬਾਬੇ ਫੌਜਾ ਸਿੰਘ ਵਰਗਿਆਂ ਵੀ ਉਹ ਪੇਸੇ ਖਰਚ ਕੇ ਸੁਣਨੀ ਜਿਹੜੇ ਗਾਣੇ ਵਜਾਣਿਆਂ ਦੇ ਸ਼ੋਰ ਤੋਂ ਕਤਰਾਉਂਦੇ ਨੇ। ਇਧਰ ਟਰੰਟੋ ਦੇ ਇੱਕ ਜੱਦੀਪੁਸ਼ਤੀ ਮਹੰਤ ਜੀ ਨੂੰ ਹੋਰ ਤਾਂ ਕੁੱਝ ਨਾ ਸੁੱਝਾ ਉਨ੍ਹਾ ਬਿਆਨ ਦੇ ਮਾਰਿਆ ਕਿ ‘ਗਾਹਤੀ’ ਕਹਿ ਕੇ ਬੱਬੂ ਮਾਨ ਨੇ ਗੁਰੂ ਪਾਤਸ਼ਾਹ ਦਾ ਅਪਮਾਨ ਕੀਤਾ ਹੈ। ਬਾਬੇ ਫੌਜਾ ਸਿੰਘ ਨੇ ਜਦ ਸੁਣਿਆ ਤਾਂ ਉਸ ਦਾ ਹਾਸਾ ਬੰਦ ਨਾ ਹੋਵੇ। ਬਾਬੇ ਨੂੰ ਇੱਕ ਗੱਲ ਯਾਦ ਆਈ ਇੱਕ ਵਾਰ ਕਿਸੇ ਮਸਲੇ ਤੇ ਇੱਕ ਵੱਡੇ ਗੁਰਦੁਆਰੇ ਮੀਟਿੰਗ ਚਲ ਰਹੀ ਸੀ। ਮੀਟਿੰਗ ਵਿੱਚ ਕਾਫੀ ਖਿਚੋਤਾਣ ਜਿਹੀ ਬਣੀ ਹੋਈ ਸੀ। ਉਥੋਂ ਦਾ ਪ੍ਰਧਾਨ ਤਾਂ ਟੇਬਲ ਨੂੰ ਧੱਫਾ-ਮੁੱਕੀਕਰਕੇ ਇੰਝ ਉੱਠਿਆਜਿਵੇਂ ਕਹਿ ਰਿਹਾ ਹੋਵੇ ਕਿ ਇਥੋਂ ਦਫਾ ਹੋਵੇ ਨਹੀ ਤਾਂ ਟੇਬਲ ਦੀ ਬਜਾਇ ਹੁਣ ਤੁਹਾਡੇ ਪੈਣਗੀਆਂ। ਪਰ ਚਲੋ ਗੱਲ ਠੰਡੀ ਚਾਲੇ ਚਲ ਪਈ ਤੇ ਆਦਤ ਤੋਂ ਉਲਟ ਪ੍ਰਧਾਨ ਜੀ ਕੋਲੋਂ ਕੋਈ ਚੰਗੀ ਗੱਲ ਕਹਿ ਹੋ ਗਈ ਤਾਂ ਬਾਬਾ ਫੌਜਾ ਸਿੰਘ ਦੇ ਮੂੰਹੋਂ ਨਿਕਲ ਗਿਆ ਕਿ ਪ੍ਰਧਾਨ ਜੀ ਆਹ ਗੱਲ ਤੁਸੀਂ ਬੜੀ ‘ਬਾ-ਖੂਬ’ ਕੀਤੀ ਹੈ। ਪ੍ਰਧਾਨ ਨੂੰ ‘ਬਾ-ਖੂਬ’ ਦਾ ਮੱਤਲਬ ਨਾ ਪਤਾ ਲੱਗਿਆ ਤਾਂ ਉਸ ਫਿਰ ਟੇਬਲ ਦੀ ਸ਼ਾਮਤ ਲੈ ਆਂਦੀ। “ਹੈਂਅ! ਕੀ ਕਿਹਾ? ਬੋਲਣਾ ਨਹੀ ਆਉਂਦਾ ਤੁਹਾਨੂੰ ਲੋਕਾਂ ਨੂੰ? ਬਾਬੇ ਨੂੰ ਸਮਝ ਨਾ ਆਵੇ ਉਹ ਰੋਵੇ ਜਾਂ ਹੱਸੇ ਪਰ ਨਾਲ ਵਾਲਿਆ ਠੰਡਾ ਕੀਤਾ ਕਿ ਭਾਈ ਸਾਹਬ ‘ਬਾ-ਖੂਬ’ ਦਾ ਮੱਤਲਬ ਬਹੁਤ ਵਧੀਆ ਹੁੰਦਾ। ਹੁਣ ਜਦ ਮਹੰਤ ਜੀ ‘ਗਾਹਤੀ’ ਉਪਰ ਫਾਨਾ ਠੋਕ ਬੈਠੇ ਤਾਂ ਉਨ੍ਹਾਂ ਦੀ ਹਾਲਤ ਢੱਡਰੀ ਵਾਲੇ ਨਾਲੋਂ ਵੀ ਹਾਸੋ ਹੀਣੀ ਜਾਪੀ ਜੀਹਨਾ ਨੂੰ ਇਹ ਵੀ ਪਤਾ ਨਹੀ ਸੀ ‘ਗਾਹਤੀ’ ਲਫਜ ਗਾਹੁਣ ਤੋਂ ਬਣਿਆ ਹੈ ਤੇ ਗਾਹੁਣ ਦਾ ਦੂਜਾ ਅਰਥ ਹੈ ਗਵਨ ਕਰਨਾ। ਜਿਵੇਂ
‘ਉਠ ਫਰੀਦਾ ਗਵਨ ਕਰ ਦੁਨੀਆਂ ਦੇਖਣ ਜਾਹ”। ਪਰ ਅਸਲ ਮਸਲਾ ‘ਗਾਹਤੀ’ ਦਾ ਨਹੀ ਸੀ ਗੱਲ ਤਾਂ ‘ਮੇਰੇ ਯਾਰ ਨੂੰ ਮੰਦਾ ਨਾ ਬੋਲੀਂ’ ਵਾਲੀ ਸੀ। ਵੈਸੇ ਵੀ ਗੁਰੂ ਨਾਨਕ ਨੇ ਤੁਰਕੇ ਕਿਵੇਂ ਗਾਹਤੀ? ਜਦ ਕਿ ‘ਸਾਡੇ ਬ੍ਰਹਮਗਿਆਂਨੀ’ ਤਾਂ ਗੁਰੂ ਪਾਤਸ਼ਾਹ ਨੂੰ ਹਵਾ `ਚ ਹੀ ਉਡਾਈ ਫਿਰਦੇ ਰਹੇ ਨੇ ਕਿ ਚਲ ਮਰਦਾਨਿਆਂ ਮੀਟ ਅੱਖਾਂ! ! ! Gurdev Singh Sadhewalia

No comments:

Post a Comment